ਜੈਪੁਰ : ਜੈਪੁਰ ਪੁਲਿਸ ਨੇ ਸ਼ਨਿਚਰਵਾਰ ਨੂੰ ਸ਼ਹਿਰ ਦੇ ਸੋੜਾਲਾ ਸਥਿਤ ਇਕ ਲਗਜ਼ਰੀ ਅਪਾਰਟਮੈਂਟ 'ਚ ਛਾਪਾ ਮਾਰ ਕੇ ਕਰੀਬ ਸੌ ਕਰੋੜ ਦਾ ਹਵਾਲਾ ਕਾਰੋਬਾਰ ਫੜਿਆ ਹੈ। ਪੁਲਿਸ ਨੇ ਇੱਥੋਂ ਅਮਿਤ ਜੈਨ ਨਾਂ ਦੇ ਹਵਾਲਾ ਕਾਰੋਬਾਰੀ ਤੋਂ ਦੋ ਕਰੋੜ 61 ਲੱਖ 93 ਹਜ਼ਾਰ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ। ਇਸ ਤੋਂ ਇਲਾਵਾ ਕਰੀਬ ਸੌ ਕਰੋੜ ਰੁਪਏ ਦਾ ਹਿਸਾਬ ਮਿਲਿਆ ਹੈ। ਪ੍ਰਤਾਪਨਗਰ ਪੁਲਿਸ ਥਾਣਾ ਇੰਚਾਰਜ ਸੰਜੇ ਸ਼ਰਮਾ ਦੀ ਸੂਚਨਾ 'ਤੇ ਸੋੜਾਲਾ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ।ਦੱਸਿਆ ਜਾ ਰਿਹਾ ਹੈ ਕਿ ਅਮਿਤ ਜੈਨ ਅੰਤਰਰਾਸ਼ਟਰੀ ਪੱਧਰ ਦੇ ਹਵਾਲਾ ਕਾਰੋਬਾਰੀਆਂ ਨਾਲ ਜੁੜਿਆ ਹੋਇਆ ਹੈ।
ਉਹ ਝੁੰਝਨੂੰ ਦਾ ਰਹਿਣ ਵਾਲਾ ਹੈ। ਇੱਥੇ ਲੈਂਡਮਾਰਕ ਅਪਾਰਟਮੈਂਟ 'ਚ ਉਸ ਨੇ ਫਲੈਟ ਖ਼ਰੀਦਿਆ ਹੋਇਆ ਹੈ ਜਿੱਥੋਂ ਲੈਪਟਾਪ ਅਤੇ ਇੰਟਰਨੈੱਟ ਦੇ ਜ਼ਰੀਏ ਦੂਜੇ ਸੂਬਿਆਂ ਅਤੇ ਦੇਸ਼ਾਂ 'ਚ ਹਵਾਲਾ ਕਾਰੋਬਾਰ ਕਰਦਾ ਹੈ। ਸੰਜੇ ਸ਼ਰਮਾ ਨੂੰ ਆਪਣੇ ਮੁਖਬਿਰ ਤੋਂ ਇਸ ਬਾਰੇ ਸੂਚਨਾ ਮਿਲੀ ਸੀ। ਪੁਲਿਸ ਛਾਪੇ ਦੇ ਬਾਅਦ ਹਵਾਲਾ ਦਾ ਮਾਮਲਾ ਨਿਕਲਣ 'ਤੇ ਪੁਲਿਸ ਨੇ ਆਮਦਨ ਕਰ ਵਿਭਾਗ ਅਤੇ ਈਡੀ ਨੂੰ ਸੂਚਿਤ ਕੀਤਾ। ਜਿਸ 'ਤੇ ਹੁਣ ਆਰਥਿਕ ਅਪਰਾਧ ਨਾਲ ਜੁੜੇ ਇਸ ਮਾਮਲੇ 'ਚ ਈਡੀ ਅਤੇ ਆਮਦਨ ਕਰ ਵਿਭਾਗ ਅੱਗੇ ਦੀ ਕਾਰਵਾਈ ਕਰੇਗਾ।



