ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ…

by vikramsehajpal

ਵਿਯਤਨਾਮ (ਦੇਵ ਇੰਦਰਜੀਤ)- ਸੁੱਚ ਹੀ ਕਿਹਾ ਜਾਂਦਾ ਹੈ … ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ… ਜਿਸ ਨੂੰ ਪ੍ਰਮਾਤਮਾ ਬਚਾਉਣਾ ਚਾਹੇ, ਉਸ ਨੂੰ ਇਕ ਹਾਦਸਾ ਕੀ ਕਰ ਸਕਦਾ ਹੈ। ਜੇਕਰ ਉਹ ਖੁਦ ਮੌਜੂਦ ਨਹੀਂ ਹੈ ਤਾਂ ਉਸ ਦੀ ਕਿਰਪਾ ਕਿਸੇ ਨਾ ਕਿਸੇ ਰੂਪ ’ਚ ਜ਼ਰੂਰ ਪਹੁੰਚ ਜਾਂਦੀ ਹੈ। ਜੇਕਰ ਯਕੀਨ ਨਹੀਂ ਹੋ ਰਿਹਾ ਤਾਂ ਵਿਯਤਨਾਮ ਦੀ ਇਸ ਖਬਰ ਨੂੰ ਪੜ੍ਹੋ, ਜਿਥੇ ਇਕ ਬੱਚੀ ਨੂੰ ਬਚਾਉਣ ਲਈ ਡਿਲਿਵਰੀ ਬੁਆਏ ਪਹੁੰਚ ਗਿਆ।

ਦਿ ਡੇਲੀ ਮੇਲ ਤੇ ਸਥਾਨਕ ਨਿਊਜ਼ ਪੇਪਰ ਦੀ ਰਿਪੋਰਟ ਅਨੁਸਾਰ ਘਟਨਾ ਕੁਝ ਇਸ ਤਰ੍ਹਾਂ ਦੀ ਹੈ, ਹਨੋਈ ’ਚ ਜਦੋਂ ਸਾਮਾਨ ਡਿਲਿਵਰੀ ਕਰਨ ਲਈ ਨਿਗੂਯੇਨ ਆਪਣੇ ਟਰੱਕ ’ਚ ਬੈਠ ਕੇ ਇਕ ਬਿਲਡਿੰਗ ਦੇ ਸਾਹਮਣੇ ਇੰਤਜ਼ਾਰ ਕਰ ਰਿਹਾ ਸੀ, ਉਦੋਂ ਉਸ ਨੇ ਇਕ ਦੋ ਸਾਲ ਦੀ ਬੱਚੀ ਨੂੰ ਬਾਲਕਨੀ ਦੇ ਕਿਨਾਰੇ ’ਤੇ ਲਟਕਿਆ ਦੇਖਿਆ ਤਾਂ ਉਹ ਗੱਡੀ ਤੋਂ ਉੱਤਰ ਕੇ ਉਸ ਵਲ ਵਧਿਆ।

ਇਸੇ ਵਿਚ ਬੱਚੀ ਦਾ ਹੱਥ ਫਿਸਲ ਗਿਆ। ਡਿਲਿਵਰੀ ਬੁਆਏ ਬਿਲਡਿੰਗ ਦੇ ਥੱਲ੍ਹੇ ਇਕ ਟਾਇਲ ਦੀ ਛੱਤ ’ਤੇ ਚੜ੍ਹ ਗਿਆ ਤਾਂ ਜੋ ਉਹ ਬੱਚੀ ਨੂੰ ਫੜ ਸਕੇ। ਜਿਵੇਂ ਕਿ ਵੀਡੀਓ ’ਚ ਦੇਖਿਆ ਗਿਆ ਹੈ, ਬੱਚੇ ਦੀ ਮਾਂ ਉੱਚੀ ਆਵਾਜ਼ ’ਚ ਚਿਲਾਉਂਦੀ ਹੈ ਕਿਉਂਕਿ ਉਹ ਬੱਚੀ ਨੂੰ ਫੜ ਨਹੀਂ ਪਾਉਂਦੀ ਤੇ ਉਹ ਬਾਲਕਨੀ ਤੋਂ ਡਿੱਗ ਜਾਂਦੀ ਹੈ। ਥੱਲ੍ਹੇ ਖੜ੍ਹੇ ਡਿਲਿਵਰੀ ਬੁਆਏ ਨੇ ਉਸ ਨੂੰ ਫੜ ਲਿਆ। ਇਹ ਵੀਡੀਓ ਵਾਇਰਲ ਹੋ ਗਿਆ ਤੇ ਟਵਿੱਟਰ ’ਤੇ ਪੰਜ ਲੱਖ ਤੋਂ ਜ਼ਿਆਦਾ ਵਾਰ ਦੇਖਿਆ ਗਿਆ।