ਬ੍ਰਿਟੇਨ ਦੀ ਪ੍ਰਧਾਨਮੰਤਰੀ ਨੇ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਨੂੰ ਦੱਸਿਆ ਸ਼ਰਮਨਾਕ ਧੱਬਾ

by

ਲੰਦਨ (ਵਿਕਰਮ ਸਹਿਜਪਾਲ) : ਬੁੱਧਵਾਰ ਨੂੰ ਬ੍ਰਿਟੇਨ ਦੀ ਪ੍ਰਧਾਨਮੰਤਰੀ ਥੇਰੇਸਾ ਨੇ ਬ੍ਰਿਟਿਸ਼ ਸੰਸਦ 'ਚ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ 'ਤੇ ਅਫਸੋਸ ਜਤਾਇਆ ਹੈ। ਥੇਰੇਸਾ ਨੇ ਸੰਸਦ ਵਿੱਚ ਕਿਹਾ ਕਿ ਜੋ ਵੀ ਹੋਇਆ ਅਤੇ ਉਸ ਤੋਂ ਲੋਕਾਂ ਨੂੰ ਜੋ ਵੀ ਦੁੱਖ ਝੱਲਣੇ ਪਏ ਉਸਦਾ ਬ੍ਰਿਟਿਸ਼ ਸਰਕਾਰ ਨੂੰ ਬੇਹੱਦ ਅਫਸੋਸ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਘਟਨਾ ਨੂੰ ਬ੍ਰਿਟਿਸ਼-ਭਾਰਤੀ ਇਤਿਹਾਸ ਦਾ ਸ਼ਰਮਨਾਕ ਧੱਬਾ ਦੱਸਿਆ ਹੈ। ਬ੍ਰਿਟੇਨ ਦੀ ਪ੍ਰਧਾਨਮੰਤਰੀ ਥੇਰੇਸਾ ਮੇ ਨੇ ਅਫਸੋਸ ਤਾਂ ਪ੍ਰਗਟ ਕੀਤਾ ਪਰ ਇਸ ਵਾਰ ਵੀ ਉਨ੍ਹਾਂ ਮਾਫ਼ੀ ਨਹੀਂ ਮੰਗੀ। ਹਾਲਾਂਕਿ, ਇਸ ਦੌਰਾਨ ਸੰਸਦ 'ਚ ਵਿਰੋਧੀ ਧਿਰ ਦੇ ਆਗੂ ਜੇਰੇਮੀ ਕੌਰਬਿਨ ਨੇ ਥੇਰੇਸਾ ਨੂੰ ਮਾਫ਼ੀ ਮੰਗਣ ਲਈ ਵੀ ਕਿਹਾ। 


ਇਸ ਤੋਂ ਪਹਿਲਾਂ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਦੀ 100ਵੀਂ ਬਰਸੀ ਦੇ ਮੌਕੇ ਮਾਫ਼ੀ ਮੰਗਣ ਦੀ ਮੰਗ ਨੂੰ ਲੈ ਕੇ ਬ੍ਰਿਟਿਸ਼ ਸਰਕਾਰ ਨੇ ਮੰਗਲਵਾਰ ਨੂੰ ਇਸ 'ਤੇ ਵਿਚਾਰ ਕਰਨ ਦੌਰਾਨ ਵਿੱਤੀ ਮੁਸ਼ਕਲਾਂ ਨੂੰ ਵੀ ਧਿਆਨ 'ਚ ਰੱਖਣ ਦੀ ਗੱਲ ਕਹੀ ਸੀ।ਸਾਲ 2010 ਤੋਂ 2016 ਤੱਕ ਬ੍ਰਿਟੇਨ ਦੇ ਪ੍ਰਧਾਨਮੰਤਰੀ ਰਹੇ ਡੇਵਿਡ ਕੈਮਰਨ ਨੇ ਵੀ 2013 ਚ ਭਾਰਤ ਦੌਰੇ ਦੌਰਾਨ ਇਸ ਘਟਨਾ ਨੂੰ ਸ਼ਰਮਨਾਕ ਦੱਸਿਆ ਸੀ, ਪਰ ਉਨ੍ਹਾਂ ਵੀ ਮਾਫ਼ੀ ਨਹੀਂ ਮੰਗੀ ਸੀ। ਇਸ ਸਾਲ ਫਰਵਰੀ 'ਚ ਪੰਜਾਬ ਸਰਕਾਰ ਨੇ ਵਿਧਾਨਸਭਾ 'ਚ ਸਰਬਸਹਿਮਤੀ ਨਾਲ ਮਤਾ ਪਾਸ ਕੀਤਾ ਸੀ, ਜਿਸ ਚ ਕੇਂਦਰ ਸਰਕਾਰ ਨੂੰ ਕਿਹਾ ਗਿਆ ਸੀ ਕਿ ਉਹ ਬ੍ਰਿਟਿਸ਼ ਸਰਕਾਰ ਤੇ ਮਾਫ਼ੀ ਮੰਗਣ ਨੂੰ ਲੈ ਕੇ ਦਬਾਅ ਬਣਾਉਣ।


ਦੱਸ ਦਈਏ ਕਿ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿੱਚ ਹੋਏ ਇਸ ਹੱਤਿਆਕਾਂਡ ਵਿੱਚ ਅਣਗਿਣਤ ਲੋਕਾਂ ਦੀ ਮੌਤ ਹੋ ਗਈ ਸੀ ਤੇ ਇਸ ਘਟਨਾ ਨੂੰ 100 ਸਾਲ ਪੂਰੇ ਹੋਣ ਵਾਲੇ ਹਨ।ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ ਵਿੱਚ 13 ਅਪ੍ਰੈਲ, 1919 ਨੂੰ ਮਹਾਤਮਾ ਗਾਂਧੀ ਵਲੋਂ ਦੇਸ਼ ਵਿੱਚ ਚਲਾਏ ਜਾ ਰਹੇ ਅਸਹਿਯੋਗ ਅੰਦੋਲਨ ਦੇ ਸਮਰਥਨ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਜਨਰਲ ਰੇਜਿਨਾਲਡ ਡਾਇਰ (ਜਨਰਲ ਡਾਇਰ) ਨੇ ਇਸ ਬਾਗ ਦੇ ਮੁੱਖ ਦਰਵਾਜ਼ੇ ਨੂੰ ਆਪਣੇ ਸੈਨਿਕਾਂ ਅਤੇ ਹਥਿਆਰੰਬਦ ਵਾਹਨਾਂ ਨਾਲ ਬੰਦ ਕਰ ਨਿਹੱਥੀ ਭੀੜ ਉੱਤੇ ਬਿਨਾਂ ਕਿਸੇ ਚੇਤਾਵਨੀ ਤੋਂ 10 ਮਿੰਟ ਤੱਕ ਗੋਲੀਆਂ ਦੀ ਬਰਸਾਤ ਕਰਵਾਈ ਸੀ।ਇਸ ਹੱਤਿਆਕਾਂਡ ਵਿੱਚ ਤਕਰੀਬਨ 1000 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 1500 ਤੋਂ ਵੀ ਜ਼ਿਆਦਾ ਲੋਕ ਜਖ਼ਮੀ ਹੋ ਗਏ ਸਨ। ਪਰ, ਬ੍ਰਿਟਿਸ਼ ਸਰਕਾਰ ਮਰਨ ਵਾਲੇ ਲੋਕਾਂ ਦੀ ਗਿਣਤੀ 379 ਅਤੇ ਜਖ਼ਮੀ ਲੋਕਾਂ ਦੀ ਗਿਣਤੀ 1200 ਦੱਸਦੀ ਹੈ।