ਜੰਮੂ : ਸਾਂਬਾ 100 ਫੀਸਦੀ ਟੀਕਾਕਰਨ ਕਰਨ ਵਾਲਾ ਪਹਿਲਾ ਜ਼ਿਲ੍ਹਾ ਬਣਿਆ

by vikramsehajpal

ਜੰਮੂ (ਦੇਵ ਇੰਦਰਜੀਤ) : ਸਿਹਤ ਵਿਭਾਗ ਵਲੋਂ 18 ਤੋਂ ਜ਼ਿਆਦਾ ਉਮਰ ਵਰਗ ’ਚ ਜ਼ਿਲ੍ਹਾ ਸਾਂਬਾ ’ਚ 100 ਫੀਸਦੀ ਕੋਵਿਡ ਟੀਕਾਕਰਨ ਕਰਨ ਦਾ ਦਾਅਵਾ ਕੀਤਾ ਗਿਆ ਹੈ। ਅਜਿਹਾ ਕਰਨ ਵਾਲਾ ਸਾਂਬਾ ਸੂਬੇ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਰਿਯਾਸੀ ’ਚ 83.37, ਰਾਮਬਨ ’ਚ 84.17, ਪੁੰਛ ’ਚ 81.18 ਫੀਸਦੀ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਇਸ ਵਰਗ ’ਚ ਹੁਣ ਤਕ ਅਨੁਮਾਨਿਤ ਆਬਾਦੀ ’ਚ 71.02 ਫੀਸਦੀ ਟੀਕਾਕਰਨ ਹੋਇਆ ਹੈ।

ਬੁੱਧਵਾਰ ਨੂੰ ਸੂਬੇ ’ਚ 18 ਤੋਂ ਜ਼ਿਆਦਾ ਉਮਰ ਵਰਗ ’ਚ 123299 ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ। ਕੋਵਿਡ ਦੀ ਤੀਜੀ ਲਹਿਰ ਦੀ ਸ਼ੰਕਾ ਨੂੰ ਵੇਖਦੇ ਹੋਏ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਈ ਗਈ ਹੈ। ਇਸ ਵਿਚ ਪਿਛਲੇ ਕਈਦਿਨਾਂ ਤੋਂ ਦੈਨਿਕ ਆਧਾਰ ’ਤੇ ਇਕ ਲੱਖ ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਅਗਲੇ ਤਿੰਨ ਮਹੀਨਿਆਂ ’ਚ ਸਾਰੇ ਵਰਗ ਦੇ ਲੋਕਾਂ ਦਾ ਟੀਕਾਕਰਨ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਸ਼੍ਰੀਨਗਰ ਸਮੇਤ ਕਸ਼ਮੀਰ ਦੇ ਕੁਝ ਜ਼ਿਲ੍ਹਿਆਂ ’ਚ ਕੋਵਿਜ ਇਨਫੈਕਸ਼ਨ ਦਾ ਪ੍ਰਸਾਰ ਵਧਿਆ ਹੈ। ਸੂਬੇ ’ਚ ਬੁੱਧਵਾਰ ਨੂੰ ਆਏ ਨਵੇਂ 151 ਕੋਰੋਨਾ ਮਾਮਲਿਆਂ ’ਚੋਂ ਸ਼੍ਰੀਨਗਰ ’ਚੋਂ ਹੀ 75 ਮਾਮਲੇ ਹਨ। ਚਿੰਤਾ ਇਹ ਹੈ ਕਿ ਇਹ ਸਾਰੇ ਮਾਮਲੇ ਸਥਾਨਕ ਪੱਧਰ ਦੇ ਹਨ, ਯਾਨੀ ਸ਼੍ਰੀਨਗਰ ’ਚ ਸਮੁਦਾਇਕ ਪੱਧਰ ’ਤੇ ਇਨਫੈਕਸ਼ਨ ਦਾ ਪ੍ਰਸਾਰ ਵਧ ਰਿਹਾ ਹੈ।

ਸੂਬੇ ਦੇ 14 ਜ਼ਿਲ੍ਹਿਆਂ ’ਚੋਂ ਹਰੇਕ ’ਚ 10 ਤੋਂ ਘੱਟ ਮਾਮਲੇ ਮਿਲੇ ਹਨ, ਜਦਕਿ ਚਾਰ ਜ਼ਿਲ੍ਹਿਆਂ ’ਚ ਕੋਈ ਨਵਾਂ ਮਾਮਲਾ ਨਹੀਂ ਮਿਲਿਆ। ਪਿਛਲੇ 24 ਘੰਟਿਆਂ ’ਚ ਐੱਸ.ਐੱਮ.ਐੱਚ.ਐੱਸ. ਹਸਪਤਾਲ ਸ਼੍ਰੀਨਗਰ ’ਚ ਇਕ ਕੋਰੋਨਾ ਪਾਜ਼ੇਟਿਵ ਮਰੀਜ਼ ਨੇ ਦਮ ਤੋੜ ਦਿੱਤਾ।