ਜਾਪਾਨ ‘ਚ ਤੂਫ਼ਾਨ ਦਾ ਕਹਿਰ ਜਾਰੀ, 43 ਲੋਕਾਂ ਦੀ ਮੌਤ

by mediateam

ਟੋਕੀਓ (Vikram Sehajpal) : ਜਾਪਾਨ 'ਤੇ ਛੇ ਦਹਾਕਿਆਂ ਦੇ ਸਭ ਤੋਂ ਭਿਆਨਕ ਤੂਫ਼ਾਨ ਹੇਗਿਬਿਸ ਨੇ ਕਹਿਰ ਢਾਹਿਆ ਹੈ। ਤੂਫ਼ਾਨੀ ਬਾਰਿਸ਼ ਕਾਰਨ ਕਈ ਨਦੀਆਂ 'ਚ ਹੜ੍ਹ ਆ ਗਿਆ ਹੈ। 225 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਤੇ ਹੜ੍ਹ ਦੀ ਲਪੇਟ 'ਚ ਆ ਕੇ 43 ਲੋਕਾਂ ਦੀ ਮੌਤ ਹੋ ਗਈ ਹੈ। ਡੇਢ ਦਰਜਨ ਤੋਂ ਜ਼ਿਆਦਾ ਲੋਕ ਲਾਪਤਾ ਹਨ। ਹੜ੍ਹ ਕਾਰਨ ਆਪਣੇ ਘਰਾਂ 'ਚ ਫਸੇ ਲੋਕਾਂ ਨੂੰ ਬਚਾਉਣ ਲਈ ਸਰਕਾਰ ਨੇ ਫ਼ੌਜ ਦੇ ਹਜ਼ਾਰਾਂ ਜਵਾਨਾਂ ਨੂੰ ਹੈਲੀਕਾਪਟਰਾਂ ਤੇ ਕਸ਼ਤੀਆਂ ਰਾਹੀਂ ਬਚਾਅ ਕਾਰਜਾਂ 'ਚ ਲਗਾਇਆ ਹੈ। ਦੇਸ਼ 'ਚ ਕਰੀਬ ਪੰਜ ਘਰਾਂ 'ਚ ਬਿਜਲੀ ਗੁੱਲ ਹੈ। ਦੇਸ਼ 'ਚ ਕਈ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹਨ।

ਹਾਕੋਨੇ 'ਚ ਮੋਹਲੇਧਾਰ ਬਾਰਿਸ਼

ਤੂਫ਼ਾਨ ਕਾਰਨ ਜਾਪਾਨ ਦੇ ਕਈ ਇਲਾਕਿਆਂ 'ਚ ਰਿਕਾਰਡ ਤੋੜ ਬਾਰਿਸ਼ ਹੋ ਰਹੀ ਹੈ। ਯਾਤਰਾ ਲਈ ਮਸ਼ਹੂਰ ਹਾਕੋਨੇ ਸ਼ਾਹਿਰ 'ਚ ਤਾਂ ਬੀਤੇ 24 ਘੰਟਿਆਂ 'ਚ 37 ਇੰਚ (ਕਰੀਬ ਤਿੰਨ ਫੁੱਟ) ਬਾਰਿਸ਼ ਹੋ ਚੁੱਕੀ ਹੈ। ਸਰਕਾਰੀ ਨਿਊਜ਼ ਏਜੰਸੀ ਐੱਨਐੱਚਕੇ ਅਨੁਸਾਰ 14 ਨਦੀਆਂ 'ਚ ਹੜ੍ਹ ਆ ਗਿਆ ਹੈ। ਨਦੀਆਂ ਦੇ ਬੰਨ੍ਹ ਟੁੱਟਣ ਕਾਰਨ ਰਿਹਾਇਸ਼ੀ ਇਲਾਕਿਆਂ 'ਚ ਪਾਣੀ ਭਰ ਗਿਆ ਹੈ।

ਬੁਲੇਟ ਟਰੇਨ ਤੇ ਜਹਾਜ਼ ਸੇਵਾਵਾਂ ਪ੍ਰਭਾਵਿਤ

ਬੁਲੇਟ ਟਰੇਨ ਤੇ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਤੂਫ਼ਾਨ ਨਾਲ ਦੇਸ਼ 'ਚ ਹੋ ਰਹੇ ਰਗਬੀ ਵਿਸ਼ਵ ਕੱਪ 'ਤੇ ਵੀ ਅਸਰ ਪਿਆ ਹੈ। ਕਾਮੇਸ਼ੀ 'ਚ ਐਤਵਾਰ ਨੂੰ ਨਾਮੀਬੀਆ ਤੇ ਕੈਨੇਡਾ ਵਿਚਾਲੇ ਹੋਣ ਵਾਲਾ ਮੁਕਾਬਲਾ ਰੱਦ ਕਰਨਾ ਪਿਆ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਵੀ ਦੋ ਮੁਕਾਬਲੇ ਰੱਦ ਕਰ ਦਿੱਤੇ ਗਏ ਸਨ।