ਗੁਰੂਗ੍ਰਾਮ ‘ਚ 14ਵੀਂ ਮੰਜ਼ਿਲ ਦੀ ਬਾਲਕੋਨੀ ਤੋਂ ਡਿੱਗਣ ਕਾਰਨ ਜਾਪਾਨੀ ਔਰਤ ਦੀ ਮੌਤ

by nripost

ਗੁਰੂਗ੍ਰਾਮ (ਰਾਘਵ): ਇੱਥੇ ਇੱਕ ਇਮਾਰਤ ਦੀ 14ਵੀਂ ਮੰਜ਼ਿਲ ਦੀ ਬਾਲਕੋਨੀ ਤੋਂ ਡਿੱਗਣ ਮਗਰੋਂ ਇੱਕ ਜਪਾਨੀ ਮਹਿਲਾ ਦੀ ਲਾਸ਼ ਮਿਲੀ ਹੈ। ਪੁਲੀਸ ਅਨੁਸਾਰ ਮਹਿਲਾ ਦੀ ਪਛਾਣ ਮਡੋਕੋ ਥਮਾਨੋ (34) ਵਾਸੀ ਜਪਾਨ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਮਹਿਲਾ ਪਿਛਲੇ ਸਾਲ ਸਤੰਬਰ ਵਿੱਚ ਆਪਣੇ ਪਤੀ ਨਾਲ ਗੁਰੂਗ੍ਰਾਮ ਆਈ ਸੀ। ਉਹ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਇੱਥੇ ਇੱਕ ਸੁਸਾਇਟੀ ਵਿੱਚ ਰਹਿ ਰਹੀ ਸੀ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਸਵੇਰੇ ਉਦੋਂ ਵਾਪਰੀ, ਜਦੋਂ ਪੁਲੀਸ ਨੂੰ ਇੱਕ ਮਹਿਲਾ ਦੀ ਖ਼ੂਨ ਨਾਲ ਲੱਥਪੱਥ ਲਾਸ਼ ਜ਼ਮੀਨ ’ਤੇ ਪਈ ਹੋਣ ਬਾਰੇ ਫੋਨ ਆਇਆ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਸੈਕਟਰ-53 ਪੁਲੀਸ ਥਾਣੇ ਦੇ ਐੱਸਐੱਚਓ ਇੰਸਪੈਕਟਰ ਸੰਦੀਪ ਕੁਮਾਰ ਨੇ ਦੱਸਿਆ ਕਿ ਦੂਤਾਵਾਸ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।