ਜੋਅ ਬਾਇਡਨ ਨੇ ਸੰਭਾਲੀ ਅਮਰੀਕਾ ਦੀ ਕਮਾਂਡ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ)- ਜੋਅ ਬਾਇਡਨ ਨੇ ਅੱਜ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈ ਲਿਆ। ਬਾਇਡਨ ਅਮਰੀਕੀ ਇਤਿਹਾਸ ਵਿਚ ਹੁਣ ਤੱਕ ਦੇ ਸਭ ਤੋਂ ਉਮਰ ਦਰਾਜ਼ (78) ਰਾਸ਼ਟਰਪਤੀ ਹੋਣਗੇ। ਹਲਫ਼ਦਾਰੀ ਸਮਾਗਮ ਦੌਰਾਨ ਅਮਰੀਕੀ ਗਾਇਕਾ ਲੇਡੀ ਗਾਗਾ ਨੇ ਕੌਮੀ ਤਰਾਨਾ ਗਾਇਆ। ਇਸ ਮੌਕੇ ਬਾਇਡਨ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਈ ਉੱਘੀਆਂ ਹਸਤੀਆਂ ਮੌਜੂਦ ਸਨ।

ਬਾਇਡਨ ਨੇ ਆਪਣੇ ਸੰਬੋਧਨ ਵਿਚ ਅੱਜ ਦੇ ਦਿਨ ਨੂੰ ‘ਜਮਹੂਰੀਅਤ ਦਾ ਦਿਨ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਹੁਣ ਜਮਹੂਰੀਅਤ ਦਾ ਬੋਲਬਾਲਾ ਹੋਵੇਗਾ। ਇਸ ਮੌਕੇ ਰਾਸ਼ਟਰਪਤੀ ਜੋਅ ਬਾਇਡਨ ਨੇ ਟਰੰਪ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਬਾਇਡਨ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਮਹਾਮਾਰੀ ਦੇ ਝੰਬੇ ਅਮਰੀਕਾ ਦਾ ਨਵੇਂ ਸਿਰਿਓਂ ਨਿਰਮਾਣ ਕਰੇਗਾ। ਉਨ੍ਹਾਂ ਅਮਰੀਕਾ ਨੂੰ ਇਕਜੁੱਟ ਰੱਖਣ ਲਈ ਦੇਸ਼ਵਾਸੀਆਂ ਤੋਂ ਸਹਿਯੋਗ ਮੰਗਿਆ ਤੇ ਕਿਹਾ ਕਿ ਮਿਲ-ਜੁਲ ਕੇ ਦੇਸ਼ ਨੂੰ ਨਵੀਆਂ ਸਿਖ਼ਰਾਂ ਵੱਲ ਲਿਜਾਇਆ ਜਾ ਸਕਦਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਹ ਘਰੇਲੂ ਅਤਿਵਾਦ ਨੂੰ ਭਾਂਜ ਦੇਣਗੇ। ਹਲਫ਼ਦਾਰੀ ਸਮਾਗਮ ਵਿੱਚ ਸਾਬਕਾ ਰਾਸ਼ਟਰਪਤੀ ਜੌਰਜ ਬੁਸ਼, ਬਰਾਕ ਓਬਾਮਾ ਤੇ ਬਿਲ ਕਲਿੰਟਨ ਵੀ ਮੌਜੂਦ ਸਨ।

ਇਸ ਤੋਂ ਪਹਿਲਾਂ ਹਲਫ਼ਦਾਰੀ ਸਮਾਗਮ ਮੌਕੇ ਵਾਸ਼ਿੰਗਟਨ ਵਿਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਕੈਪੀਟਲ ਹਿੱਲ ’ਚ 6 ਜਨਵਰੀ ਨੂੰ ਹੋਈ ਹਿੰਸਾ ਦੇ ਮੱਦੇਨਜ਼ਰ ਅਮਰੀਕੀ ਸੰਸਦ ਭਵਨ ਨੂੰ ਕਿਲ੍ਹੇ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਸਮਾਗਮ ਦੌਰਾਨ ਕੋਵਿਡ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਗਈ। ਸਾਬਕਾ ਅਮਰੀਕੀ ਸਦਰ ਡੋਨਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਵ੍ਹਾਈਟ ਹਾਊਸ ਨੂੰ ਅਲਵਿਦਾ ਕਹਿ ਕੇ ਫਲੋਰਿਡਾ ਲਈ ਰਵਾਨਾ ਹੋ ਗਏ।