ਬਾਇਡਨ ਨੇ ਰੌਨ ਕਲੇਨ ਨੂੰ ਬਣਾਇਆ ਚੀਫ ਆਫ ਸਟਾਫ

by vikramsehajpal

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਲੰਮੇਂ ਸਮੇਂ ਤੋਂ ਆਪਣੇ ਸਲਾਹਕਾਰ ਰਹਿ ਚੁੱਕੇ ਰੌਨ ਕਲੇਨ ਨੂੰ ਆਪਣੇ ਚੀਫ ਆਫ ਸਟਾਫ ਲਈ ਚੁਣਿਆ ਹੈ। ਕਈ ਦਹਾਕਿਆਂ ਦੇ ਤਜ਼ਰਬੇ ਵਾਲੇ ਕਲੇਨ ਨੂੰ ਵ੍ਹਾਈਟ ਹਾਊਸ ਵਿੱਚ ਮਹਾਂਮਾਰੀ ਨਾਲ ਜੂਝ ਰਹੇ ਦੇਸ਼ ਸਮੇਤ ਕਈ ਹੋਰਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਨਾਲ ਨਾਲ ਵੰਡੀ ਹੋਈ ਕਾਂਗਰਸ ਨਾਲ ਵੀ ਕੰਮ ਕਰਨਾ ਹੋਵੇਗਾ।

ਵੰਡੀ ਹੋਈ ਕਾਂਗਰਸ ਇਸ ਲਈ ਕਿਉਂਕਿ ਸੈਨੇਟ ਦੀ ਅਗਵਾਈ ਰਿਪਬਲਿਕਨਾਂ ਹੱਥ ਰਹਿ ਸਕਦੀ ਹੈ। 2014 ਦੀ ਆਊਟਬ੍ਰੇਕ ਦੌਰਾਨ ਕਲੇਨ ਨੇ ਕੋ-ਆਰਡੀਨੇਟਰ ਵਜੋਂ ਸੇਵਾ ਨਿਭਾਈ ਸੀ। ਦੱਸ ਦਈਏ ਕਿ ਕੱਲ੍ਹ ਰਾਤ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਬਾਇਡਨ ਨੇ ਇਹ ਖੁਲਾਸਾ ਕੀਤਾ ਕਿ ਉਨ੍ਹਾਂ ਵੱਲੋਂ ਇਸ ਅਹੁਦੇ ਲਈ ਕਲੇਨ ਦੀ ਚੋਣ ਕੀਤੀ ਗਈ ਹੈ ਕਿਉਂਕਿ ਵਾਸ਼ਿੰਗਟਨ ਵਿੱਚ ਉਨ੍ਹਾਂ ਦੇ ਤਜ਼ਰਬੇ ਨੇ ਉਨ੍ਹਾਂ ਨੂੰ ਇਹੋ ਜਿਹੀਆਂ ਚੁਣੌਤੀਆਂ ਲਈ ਤਿਆਰ ਕੀਤਾ ਹੋਇਆ ਹੈ।

ਤਰ੍ਹਾਂ ਤਰ੍ਹਾਂ ਦੇ ਸਿਆਸਤਦਾਨਾਂ ਨਾਲ ਕੰਮ ਕਰਨ ਦੀ ਉਨ੍ਹਾਂ ਦੀ ਸਮਰੱਥਾ ਤੇ ਤਜ਼ਰਬੇ ਕਾਰਨ ਹੀ ਉਨ੍ਹਾਂ ਨੂੰ ਇਸ ਅਹੁਦੇ ਲਈ ਕਾਬਿਲ ਮੰਨਿਆ ਗਿਆ ਹੈ। ਇਸ ਤੋਂ ਇਲਾਵਾ ਦੇਸ਼ ਨੂੰ ਇਸ ਮਹਾਂਮਾਰੀ ਦੇ ਸੰਕਟ ਵਿੱਚੋਂ ਉਭਾਰਨ ਤੇ ਦੇਸ਼ ਨੂੰ ਇੱਕਜੁੱਟ ਕਰਨ ਵਿੱਚ ਵੀ ਉਹ ਅਹਿਮ ਭੂਮਿਕਾ ਨਿਭਾਉਣਗੇ। ਜ਼ਿਕਰਯੋਗ ਹੈ ਕਿ ਕਲੇਨ ਬਰਾਕ ਓਬਾਮਾ ਦੇ ਪਹਿਲੇ ਕਾਰਜਕਾਲ ਦੌਰਾਨ ਬਾਇਡਨ ਲਈ ਚੀਫ ਆਫ ਸਟਾਫ ਰਹਿ ਚੁੱਕੇ ਹਨ| ਇਸ ਤੋਂ ਇਲਾਵਾ ਉਹ 1990 ਦੇ ਮੱਧ ਵਿੱਚ ਵਾਈਸ ਪ੍ਰੈਜ਼ੀਡੈਂਟ ਅਲ ਗੋਰ ਦੇ ਚੀਫ ਆਫ ਸਟਾਫ ਵੀ ਰਹਿ ਚੁੱਕੇ ਹਨ।