ਪੱਤਰ ਪ੍ਰੇਰਕ : 2008 ਵਿੱਚ ਟੀਵੀ ਪੱਤਰਕਾਰ ਸੌਮਿਆ ਵਿਸ਼ਵਨਾਥਨ ਦੇ ਕਤਲ ਕੇਸ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ ਸ਼ਨੀਵਾਰ ਨੂੰ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ, ਜਦੋਂ ਕਿ ਪੰਜਵੇਂ ਦੋਸ਼ੀ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਅਦਾਲਤ ਨੇ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਇਹ ਅਪਰਾਧ ‘ਰੈਰੇਸਟ ਆਫ ਰੇਅਰ’ ਕੇਸਾਂ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ, ਇਸ ਲਈ ਮੌਤ ਦੀ ਸਜ਼ਾ ਦੀ ਬੇਨਤੀ ਨੂੰ ਰੱਦ ਕੀਤਾ ਜਾਂਦਾ ਹੈ।
ਅਦਾਲਤ ਨੇ ਚਾਰਾਂ ਦੋਸ਼ੀਆਂ 'ਤੇ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਕਤਲ ਲਈ 25-25 ਹਜ਼ਾਰ ਰੁਪਏ ਅਤੇ ਮਕੋਕਾ ਲਈ 1 ਲੱਖ ਰੁਪਏ ਹੈ। ਮਤਲਬ ਚਾਰਾਂ ਨੂੰ ਦੋਹਰੀ ਉਮਰ ਕੈਦ ਅਤੇ 1.25 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਸਾਰੇ ਦੋਸ਼ੀਆਂ ਨੂੰ ਮਕੋਕਾ ਤਹਿਤ ਸਜ਼ਾ ਸੁਣਾਈ ਗਈ ਹੈ।ਦਿੱਲੀ ਦੀ ਸਾਕੇਤ ਅਦਾਲਤ ਨੇ ਸ਼ੁੱਕਰਵਾਰ ਨੂੰ ਮਾਮਲੇ ਦੀ ਸੁਣਵਾਈ ਪੂਰੀ ਕਰ ਕੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਦੱਸ ਦੇਈਏ ਕਿ 30 ਸਤੰਬਰ 2008 ਨੂੰ ਮਹਿਲਾ ਟੀਵੀ ਪੱਤਰਕਾਰ ਸੌਮਿਆ ਵਿਸ਼ਵਨਾਥਨ ਦੀ ਦਿੱਲੀ ਦੇ ਨੈਲਸਨ ਮੰਡੇਲਾ ਮਾਰਗ 'ਤੇ ਹੱਤਿਆ ਕਰ ਦਿੱਤੀ ਗਈ ਸੀ। ਉਦੋਂ ਸੌਮਿਆ ਨਾਈਟ ਸ਼ਿਫਟ ਕਰ ਕੇ ਦਫਤਰ ਤੋਂ ਘਰ ਪਰਤ ਰਹੀ ਸੀ। ਪੁਲਸ ਨੂੰ ਸੌਮਿਆ ਦੀ ਲਾਸ਼ ਉਸ ਦੀ ਕਾਰ 'ਚੋਂ ਮਿਲੀ। ਇਸ ਕਤਲ ਕਾਂਡ ਦਾ ਖੁਲਾਸਾ ਪੁਲਿਸ ਨੇ ਕਰੀਬ 6 ਮਹੀਨੇ ਬਾਅਦ ਕੀਤਾ ਹੈ। ਪੁਲਿਸ ਨੇ ਇੱਕ ਹੋਰ ਕਤਲ ਕੇਸ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਨੇ ਸੌਮਿਆ ਦੀ ਹੱਤਿਆ ਕਰਨ ਦੀ ਗੱਲ ਵੀ ਕਬੂਲੀ ਹੈ।
