60 ਦਿਨਾਂ ਦੇ ਅੰਦਰ ਨਿਆਇਕ ਪੈਨਲ ਕਰੇ ਬੰਗਲਾਦੇਸ਼ ਫਿਰਕੂ ਹਿੰਸਾ ਦੀ ਰਿਪੋਰਟ ਹਾਈ ਕੋਰਟ ਨੂੰ ਪੇਸ਼

by vikramsehajpal

ਢਾਕਾ (ਦੇਵ ਇੰਦਰਜੀਤ) : ਬੰਗਲਾਦੇਸ਼ ਹਾਈ ਕੋਰਟ ਨੇ ਬੰਗਲਾਦੇਸ਼ ਦੇ 6 ਜ਼ਿਲ੍ਹਿਆਂ ਵਿਚ ਹਾਲ ਹੀ ਵਿਚ ਦੁਰਗਾ ਪੂਜਾ ਦੌਰਾਨ ਹੋਈਆਂ ਫਿਰਕੂ ਹਿੰਸਾ ਦੀਆਂ ਘਟਨਾਵਾਂ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ। ਸਰਕਾਰੀ ਸਮਾਚਾਰ ਏਜੰਸੀ ਬੰਗਲਾਦੇਸ਼ ਸੰਵਾਦ ਸੰਸਥਾ ਅਨੁਸਾਰ ਵੀਰਵਾਰ ਨੂੰ ਦਿੱਤੇ ਹੁਕਮ ਵਿਚ ਅਦਾਲਤ ਨੇ ਰੰਗਪੁਰ, ਕੁਮਿਲਾ, ਚਟੋਗ੍ਰਾਮ, ਫੇਨੀ, ਚਾਂਦਪੁਰ ਅਤੇ ਨੋਆਖਲੀ ਦੇ ਨਿਆਂਇਕ ਮੈਜਿਸਟਰੇਟਾਂ ਨੂੰ ਫਿਰਕੂ ਹਿੰਸਾ ਦੀਆਂ ਘਟਨਾਵਾਂ ਦੀ ਜਾਂਚ ਕਰਨ ਅਤੇ 60 ਦਿਨਾਂ ਦੇ ਅੰਦਰ ਰਿਪੋਰਟ ਦੇਣ ਲਈ ਕਿਹਾ ਹੈ।

ਹਾਈ ਕੋਰਟ ਨੇ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਦੱਸਣ ਲਈ ਕਿਹਾ ਹੈ ਕਿ ਪੀੜਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਥਾਨਕ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਨੂੰ ਗੈਰ-ਕਾਨੂੰਨੀ ਕਿਉਂ ਨਹੀਂ ਕਰਾਰ ਦਿੱਤਾ ਗਿਆ।

ਵਿਦੇਸ਼ ਮੰਤਰੀ ਏ. ਕੇ. ਅਬਦੁਲ ਮੋਮੇਨ ਨੇ ਕਿਹਾ ਹੈ ਕਿ ਬੰਗਲਾਦੇਸ਼ ਵਿਚ ਫਿਰਕੂ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਵਿਚ 6 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚੋਂ 4 ਮੁਸਲਮਾਨ ਵੀ ਪੁਲਸ ਦੀ ਗੋਲੀਬਾਰੀ ਵਿਚ ਮਾਰੇ ਗਏ ਹਨ। ਮੋਮਨ ਨੇ ਧਾਰਮਿਕ ਘੱਟ ਗਿਣਤੀਆਂ ਦੀਆਂ ਮੌਤਾਂ ਅਤੇ ਬਲਾਤਕਾਰ ਦੀਆਂ ਝੂਠੀਆਂ ਕਹਾਣੀਆਂ ਫੈਲਾਉਣ ਲਈ ਕੁਝ ਮੀਡੀਆ ਆਉਟਲੈਟਾਂ ਅਤੇ ਵਿਅਕਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਵਰਣਨਯੋਗ ਹੈ ਕਿ ਕੁਮਿਲਾ ਵਿਚ ਇਕ ਪੂਜਾ ਮੰਡਪ ਵਿਚ ਕੁਰਾਨ ਦੀ ਬੇਅਦਬੀ ਤੋਂ ਬਾਅਦ ਬੰਗਲਾਦੇਸ਼ ਵਿਚ ਕਈ ਥਾਵਾਂ 'ਤੇ ਮੰਦਰਾਂ ਦੀ ਭੰਨਤੋੜ ਅਤੇ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਘਰਾਂ ਅਤੇ ਵਪਾਰਕ ਅਦਾਰਿਆਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ। ਇਸ ਤੋਂ ਬਾਅਦ ਪੁਲਸ ਨੇ ਇਕਬਾਲ ਹੁਸੈਨ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਨੇ ਮੰਦਰ 'ਚ ਕੁਰਾਨ ਰੱਖਣ ਦੀ ਗੱਲ ਕਬੂਲ ਕਰ ਲਈ ਹੈ।