ਮੁੰਬਈ ‘ਚ ਸ਼੍ਰੀਦੇਵੀ ਦੇ ਨਾਮ ਤੋਂ ਜਾਣਿਆ ਜਾਵੇਗਾ ਲੋਖੰਡਵਾਲਾ ਕੰਪਲੈਕਸ ਦਾ ਇੱਕ ਜੰਕਸ਼ਨ

by jagjeetkaur

ਮੁੰਬਈ: ਹਿੰਦੀ ਸਿਨੇਮਾ ਦੀ ਮਹਾਨ ਅਦਾਕਾਰਾ ਸ਼੍ਰੀਦੇਵੀ ਦਾ 24 ਫਰਵਰੀ 2018 ਨੂੰ ਦਿਹਾਂਤ ਹੋ ਗਿਆ ਸੀ ਅਤੇ ਇਸ ਖਬਰ ਨਾਲ ਹਰ ਕੋਈ ਹੈਰਾਨ ਰਹਿ ਗਿਆ ਸੀ। ਉਨ੍ਹਾਂ ਦੀ ਮੌਤ ਨੂੰ ਕਈ ਸਾਲ ਬੀਤ ਚੁੱਕੇ ਹਨ ਪਰ ਉਹ ਅੱਜ ਵੀ ਲੋਕਾਂ ਦੇ ਦਿਲਾਂ 'ਚ ਜ਼ਿੰਦਾ ਹੈ। ਹੁਣ ਖਬਰ ਆ ਰਹੀ ਹੈ ਕਿ ਬ੍ਰਿਹਨਮੁੰਬਈ ਨਗਰ ਨਿਗਮ (BMC) ਨੇ ਮਰਹੂਮ ਅਦਾਕਾਰਾ ਨੂੰ ਵੱਡੀ ਸ਼ਰਧਾਂਜਲੀ ਦਿੱਤੀ ਹੈ। ਲੋਖੰਡਵਾਲਾ ਕੰਪਲੈਕਸ, ਮੁੰਬਈ ਦੇ ਇੱਕ ਜੰਕਸ਼ਨ ਦਾ ਨਾਂ ਸ਼੍ਰੀਦੇਵੀ ਕਪੂਰ ਚੌਕ ਰੱਖਿਆ ਗਿਆ ਹੈ।

ਰਿਪੋਰਟਾਂ ਦੇ ਅਨੁਸਾਰ, ਬੀਐਮਸੀ ਨੇ ਮਰਹੂਮ ਅਦਾਕਾਰਾ ਦੇ ਸਨਮਾਨ ਵਿੱਚ ਇਸ ਜੰਕਸ਼ਨ ਦਾ ਨਾਮ ਬਦਲ ਕੇ ਸ਼੍ਰੀਦੇਵੀ ਕਪੂਰ ਚੌਕ ਰੱਖਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸ਼੍ਰੀਦੇਵੀ ਇਸ ਜਗ੍ਹਾ 'ਤੇ ਹੀ ਰਹਿੰਦੀ ਸੀ। ਅਸਲ 'ਚ ਸ਼੍ਰੀਦੇਵੀ ਗ੍ਰੀਨ ਏਕਰਸ ਟਾਵਰ 'ਚ ਰਹਿੰਦੀ ਸੀ ਜੋ ਇਸ ਸੜਕ 'ਤੇ ਹੈ ਅਤੇ ਉਨ੍ਹਾਂ ਦੀ ਆਖਰੀ ਯਾਤਰਾ ਵੀ ਇਸੇ ਸੜਕ ਤੋਂ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਉੱਥੋਂ ਦੇ ਲੋਕਾਂ ਅਤੇ ਨਗਰ ਨਿਗਮ ਨੇ ਇਸ ਸੜਕ ਦਾ ਨਾਂ ਸ਼੍ਰੀਦੇਵੀ ਦੇ ਨਾਂ 'ਤੇ ਰੱਖਣ ਦੀ ਅਪੀਲ ਕੀਤੀ ਸੀ।

ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਅਦਾਕਾਰ ਦੇ ਨਾਂ 'ਤੇ ਜਗ੍ਹਾ ਦਾ ਨਾਂ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਅਮਿਤਾਭ ਬੱਚਨ, ਰਾਜ ਕਪੂਰ ਸਮੇਤ ਕਈ ਸਿਤਾਰਿਆਂ ਦੇ ਨਾਵਾਂ 'ਤੇ ਵੀ ਥਾਵਾਂ ਦੇ ਨਾਂ ਬਦਲੇ ਜਾ ਚੁੱਕੇ ਹਨ। ਉੱਤਰੀ ਸਿੱਕਮ 'ਚ ਇਕ ਝਰਨਾ ਹੈ, ਜਿਸ ਦਾ ਨਾਂ 'ਬਿਗ ਬੀ' ਹੈ। ਇਸ ਤੋਂ ਇਲਾਵਾ ਸਿੰਗਾਪੁਰ ਦੇ ਇਕ ਆਰਕਿਡ ਦਾ ਨਾਂ 'ਡੈਂਡਰੋਬੀਅਮ ਅਮਿਤਾਭ ਬੱਚਨ' ਹੈ। ਕੈਨੇਡਾ ਵਿੱਚ ਇੱਕ ਗਲੀ ਦਾ ਨਾਂ ‘ਰਾਜ ਕਪੂਰ ਕ੍ਰੇਸੈਂਟ’ ਹੈ।