ਕੈਨੇਡਾ ਵਿੱਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ

by

ਬਰੈਂਪਟਨ (Vikram Sehajpal) : ਕੈਨੇਡਾ ਵਿੱਚ ਭਲਕੇ ਨਵੀਂ ਸਰਕਾਰ ਦਾ ਗਠਨ ਅੱਜ ਹੋਣ ਜਾ ਰਿਹਾ ਹੈ। ਜਸਟਿਨ ਟਰੂਡੋ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦੀ ਲਿਬਰਲ ਪਾਰਟੀ ਘੱਟ ਗਿਣਤੀ ਸਰਕਾਰ ਦਾ ਗਠਨ ਕਰੇਗੀ, ਜਿਸ ਨਾਲ ਕਿਸੇ ਕਿਸਮ ਦਾ ਗੱਠਜੋੜ ਬਣਨ ਦੀਆਂ ਸੰਭਾਵਨਾਵਾਂ ਖ਼ਤਮ ਹੋ ਗਈਆਂ ਹਨ। ਕੈਨੇਡਾ ਵਾਸੀਆਂ ਖਾਸ ਕਰਕੇ ਪੰਜਾਬੀਆਂ ਦੀਆਂ ਨਜ਼ਰਾਂ ਟਰੂਡੋ ਦੇ ਨਵੇਂ ਬਣ ਰਹੇ ਮੰਤਰੀ ਮੰਡਲ 'ਤੇ ਟਿਕੀਆਂ ਹੋਈਆਂ ਹਨ।ਜਾਣਕਾਰਾਂ ਮੁਤਾਬਕ ਹਰਜੀਤ ਸਿੰਘ ਸੱਜਣ ਤੇ ਨਵਦੀਪ ਸਿੰਘ ਬੈਂਸ ਦਾ ਵਜ਼ਾਰਤ ਵਿੱਚ ਆਉਣਾ ਯਕੀਨੀ ਸਮਝਿਆ ਜਾ ਰਿਹਾ ਹੈ। 

ਬਰੈਂਪਟਨ ਵਿਚੋਂ ਇੱਕ ਮੰਤਰੀ ਚੁਣੇ ਜਾਣ ਦੇ ਚਰਚੇ ਹਨ ਕਿਉਂਕਿ ਪੰਜਾਬੀਆਂ ਨੇ ਬਰੈਂਪਟਨ ਦੀਆਂ ਪੰਜ ਦੀਆਂ ਪੰਜ ਸੀਟਾਂ ਜਿੱਤ ਕੇ ਲਿਬਰਲਾਂ ਦੀ ਝੋਲੀ ਪਾਈਆਂ ਹਨ। ਅੱਜ ਸਭ ਤੋਂ ਪਹਿਲਾਂ ਕੈਨੇਡਾ ਦੇ ਨਵੇਂ ਹਾਊਸ ਲਈ ਕੈਨੇਡਾ ਦੇ ਗਵਰਨਰ ਜਨਰਲ ਜੂਲੀ ਪੇਯੇਟੇ ਦੀ ਅਗਵਾਈ ਹੇਠ ਸਪੀਕਰ ਦੀ ਚੋਣ ਗੁਪਤ ਪਰਚੀਆਂ ਦੇ ਆਧਾਰ 'ਤੇ ਕੀਤੀ ਜਾਵੇਗੀ। ਜਿਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੈਨੇਟ ਵਿੱਚ ਭਾਸ਼ਣ ਦੇਣਗੇ।ਪਿਛਲੀ ਲਿਬਰਲ ਸਰਕਾਰ ਵਿੱਚ 34 ਮੰਤਰੀ ਸਨ ਜਦਕਿ ਲਿਬਰਲ ਪਾਰਟੀ ਕੋਲ ਹਾਊਸ ਵਿੱਚ 184 ਮੈਂਬਰ ਸਨ।

ਹੁਣ ਬਣ ਰਹੀ ਘੱਟ ਗਿਣਤੀ ਸਰਕਾਰ ਕੋਲ ਸਿਰਫ਼ 157 ਮੈਂਬਰ ਹਨ ਅਤੇ ਕੋਰਮ ਪੂਰਾ ਹੋਣ ਤੋਂ 13 ਮੈਂਬਰ ਘੱਟ ਹਨ। ਲੋਕ ਇਹ ਜਾਨਣ ਲਈ ਉਤਸੁਕ ਹਨ ਕਿ ਐਤਕੀ ਸਰਕਾਰ ਵਿੱਚ ਕਿੰਨੇ ਮੰਤਰੀ ਬਣਾਏ ਜਾਣਗੇ। ਪਿਛਲੀ ਸਰਕਾਰ ਵਿੱਚ ਚਾਰ ਪੰਜਾਬੀ ਮੰਤਰੀ ਸਨ ਅਤੇ ਉਦੋਂ 16 ਪੰਜਾਬੀ ਲਿਬਰਲ ਪਾਰਟੀ ਦੀ ਟਿਕਟ 'ਤੇ ਜਿੱਤ ਕੇ ਪਾਰਲੀਮੈਂਟ ਹਾਊਸ ਵਿੱਚ ਪੁੱਜੇ ਸਨ। ਇਸ ਵਾਰ ਲਿਬਰਲ ਪਾਰਟੀ ਦੀ ਟਿਕਟ ਤੋਂ 13 ਪੰਜਾਬੀਆਂ ਨੇ ਜਿੱਤ ਦਰਜ ਕਰਵਾਈ ਹੈ।