ਕਲਾਨੌਰ (ਇੰਦਰਜੀਤ ਸਿੰਘ ਚਾਹਲ) : ਦੁਬਈ ਗਏ ਕਲਾਨੌਰ ਵਾਸੀ ਬਲਜੀਤ ਸਿੰਘ ਨੂੰ ਉਥੋਂ ਦੀ ਜੇਲ੍ਹ 'ਚੋਂ ਦੋ ਸਾਲ ਬਾਅਦ ਰਿਹਾਈ ਮਿਲੀ ਸੋਮਵਾਰ ਨੂੰ ਜਦੋਂ ਬਲਜੀਤ ਆਪਣੇ ਵਾਰਸਾਂ ਕੋਲ ਪੁੱਜਾ ਤਾਂ ਮਾਂ-ਪਿਓ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ,ਬਲਜੀਤ ਸਿੰਘ ਰੋਜ਼ੀ-ਰੋਟੀ ਖਾਤਰ ਦੁਬਈ ਗਿਆ ਸੀ ਪਰ ਉਥੋਂ ਦੀ ਕੰਪਨੀ ਨੇ ਉਸ ਨੂੰ ਝੂਠੇ ਕੇਸ 'ਚ ਫਸਾ ਕੇ ਜੇਲ੍ਹ 'ਚ ਬੰਦ ਕਰਵਾ ਦਿੱਤਾ ਸੀ। ਉਸ ਤੋਂ ਬਾਅਦ ਬਲਜੀਤ ਸਿੰਘ ਨੇ ਜੇਲ੍ਹ ਵਿਚੋਂ ਵੀਡੀਓ ਬਣਾ ਕੇ ਆਪਣੀ ਰਿਹਾਈ ਲਈ ਮਦਦ ਦੀ ਅਪੀਲ ਕੀਤੀ ਸੀ। ਬਲਜੀਤ ਸਿੰਘ ਵੱਲੋਂ ਕੀਤੀ ਮਦਦ ਦੀ ਅਪੀਲ ਸੁਣ ਕੇ ਦੁਬਈ ਵਿਚ ਹਿਊਮੈਨਿਟੀ ਨਾਮ ਦੀ ਸੰਸਥਾ ਚਲਾਉਣ ਵਾਲੇ ਕਾਰੋਬਾਰੀ ਜੋਗਿੰਦਰ ਸਿੰਘ ਸਲਾਰੀਆ ਨੇ ਚਾਰਾਜ਼ੋਈ ਕਰਕੇ ਬਲਜੀਤ ਨੂੰ ਦੁਬਈ ਤੋਂ ਰਿਹਾਅ ਕਰਵਾ ਕੇ ਉਸ ਨੂੰ ਸਹੀ ਸਲਾਮਤ ਘਰ ਵਾਪਸ ਭੇਜਿਆ।ਬਲਜੀਤ ਸਿੰਘ ਦੀ ਮਾਂ ਰਜਵੰਤ ਕੌਰ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਬਲਜੀਤ ਸਿੰਘ ਰੋਜ਼ੀ -ਰੋਟੀ ਕਮਾਉਣ ਲਈ ਦੁਬਈ ਗਿਆ ਸੀ ਪਰ ਉਥੇ ਕੰਪਨੀ ਦੇ ਮਾਲਕਾਂ ਨੇ ਉਸ ਨੂੰ ਝੂਠੇ ਕੇਸ 'ਚ ਫਸਾ ਕੇ ਜੇਲ੍ਹ 'ਚ ਬੰਦ ਕਰ ਦਿੱਤਾ।
ਉਨ੍ਹਾਂ ਨੂੰ ਜਦੋਂ ਇਸ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਨੇ ਬਲਜੀਤ ਦੀ ਜੇਲ੍ਹ 'ਚ ਬੰਦ ਹੋਏ ਦੀ ਵੀਡੀਓ ਦੇਖੀ, ਜਿਸ 'ਚ ਬਲਜੀਤ ਰੋ-ਰੋ ਕੇ ਆਪਣੀ ਰਿਹਾਈ ਲਈ ਕਹਿ ਰਿਹਾ ਸੀ। ਵੀਡਿਓ ਦੇਖਣ ਬਾਅਦ ਪੂਰੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਡਿੱਗ ਗਿਆ। ਉਨ੍ਹਾਂ ਨੇ ਦੇਸ਼ ਦੀ ਸਰਕਾਰ ਨੂੰ ਪੱਤਰ ਲਿਖ ਕੇ ਬਲਜੀਤ ਦੀ ਰਿਹਾਈ ਲਈ ਅਪੀਲ ਕੀਤੀ ਪਰ ਕੇਂਦਰ ਸਰਕਾਰ ਨੇ ਬਲਜੀਤ ਸਿੰਘ ਦੀ ਰਿਹਾਈ ਲਈ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਕਈ ਵਾਰ ਮੰਤਰੀਆਂ ਕੋਲ ਜਾ ਕੇ ਰਿਹਾਈ ਦੀ ਮੰਗ ਕੀਤੀ ਪਰ ਕਿਸੇ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਉਨ੍ਹਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮਿਲ ਕੇ ਤੇ ਕਈ ਵਾਰ ਟਵੀਟ ਕਰਕੇ ਬਲਜੀਤ ਸਿੰਘ ਦੀ ਰਿਹਾਈ ਕਰਵਾਉਣ ਦੀ ਮੰਗ ਕੀਤੀ ਪਰ ਸੁਸ਼ਮਾ ਸਵਰਾਜ ਨੇ ਸਿਰਫ ਭਰੋਸਾ ਹੀ ਦਿੱਤਾ ਜਦਕਿ ਬਲਜੀਤ ਦੀ ਰਿਹਾਈ ਲਈ ਦੁਬਈ ਸਰਕਾਰ ਨਾਲ ਕੋਈ ਗੱਲ ਨਹੀਂ ਕੀਤੀ।



