ਹੈਰਿਸ ਬੋਲੀ – ਕੋਰੋਨਾ ਨਾਲ ਨਜਿੱਠਣ ਲਈ ਟਰੰਪ ਸਰਕਾਰ ਦਾ ਤਰੀਕਾ ਸਭ ਤੋਂ ਵੱਡੀ ਅਸਫ਼ਲਤਾ

by vikramsehajpal

ਵੈੱਬ ਡੈਸਕ (NRI MEDIA) : ਅਮਰੀਕੀ ਉੱਪ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਕਮਲਾ ਹੈਰੀਸ ਤੇ ਮਾਈਕ ਪੇਂਸ ਵਿਚਕਾਰ ਸਾਲਟ ਲੇਕ ਸਿਟੀ ਵਿੱਚ ਡਿਬੇਟ ਹੋਈ। ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਤੇ ਰਿਪਬਲਿਕਨ ਉਮੀਦਵਾਰ ਮਾਈਕ ਪੇਂਸ ਨੇ ਡਿਬੇਟ ਵਿੱਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਇੱਕ-ਦੂਜੇ 'ਤੇ ਸ਼ਬਦੀ ਵਾਰ ਕੀਤੇ।

ਕੋਰੋਨਾ ਵਾਇਰਸ
ਮੁੱਦੇ 'ਤੇ ਪੁੱਛਿਆ ਗਿਆ ਕਿ ਉਹ ਅਜਿਹਾ ਕੀ ਕਰਨਗੇ ਜੋ ਟਰੰਪ ਨਹੀਂ ਕਰ ਸਕਿਆ? ਇਸ ਦੇ ਜਵਾਬ ਵਿੱਚ ਕਮਲਾ ਹੈਰਿਸ ਨੇ ਕਿਹਾ ਕਿ, "ਰਾਸ਼ਟਰਪਤੀ ਟਰੰਪ ਨੇ ਕੋਰੋਨਾ ਵਾਇਰਸ ਨੂੰ ਅਫ਼ਵਾਹ ਦੱਸਿਆ ਸੀ। ਉਨ੍ਹਾਂ ਨੇ ਮਹਾਂਮਾਰੀ ਦੇ ਬਾਰੇ ਵਿੱਚ ਅਹਿਮ ਜਾਣਕਾਰੀਆਂ ਲੁਕਾਈਆਂ ਸਨ ਤੇ ਹੁਣ ਵੀ ਉਨ੍ਹਾਂ ਕੋਲ ਇਸ ਤੋਂ ਨਜਿੱਠਣ ਲਈ ਕੋਈ ਠੋਸ ਯੋਜਨਾ ਨਹੀਂ ਹੈ।" ਇਸ ਸਵਾਲ ਦੇ ਜਵਾਬ ਵਿੱਚ ਪੇਂਸ ਨੇ ਕਿਹਾ ਕਿ ਟਰੰਪ ਸਰਕਾਰ ਨੇ ਟਾਸਕ ਫੋਰਸ ਬਣਾਈ ਹੈ ਤੇ ਸਾਰੇ ਜ਼ਰੂਰੀ ਕਦਮ ਚੁੱਕੇ ਹਨ। ਉਨ੍ਹਾਂ ਕਿਹਾ, "ਰਾਸ਼ਟਰਪਤੀ ਟਰੰਪ ਨੇ ਉਸ ਵੇਲੇ ਚੀਨ-ਅਮਰੀਕਾ ਵਿਚਕਾਰ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ, ਜਦੋਂ ਅਮਰੀਕਾ ਵਿਚ ਕੋਰੋਨਾ ਦੇ ਸਿਰਫ਼ 5 ਮਾਮਲੇ ਸਨ। ਉਸ ਵੇਲੇ ਬਿਡੇਨ ਨੇ ਇਸ ਫ਼ੈਸਲੇ ਨੂੰ ਜੇਨੋਫੋਬਿਕ ਦੱਸਿਆ ਸੀ। ਕਮਲਾ ਹੈਰਿਸ ਨੂੰ ਇਨ੍ਹਾਂ ਦਾਅਵਿਆਂ ਨੂੰ ਝੂਠਾ ਦੱਸਿਆ ਤੇ ਕਿਹਾ ਕਿ ਟਰੰਪ ਪ੍ਰਸ਼ਾਸਨ ਦੇ ਸਾਰੇ ਪਲਾਨ ਫੇਲ ਹੋ ਗਏ ਜਿਸ ਕਰਕੇ ਦੇਸ਼ ਵਿੱਚ 2 ਲੱਖ ਤੋਂ ਵੱਧ ਲੋਕਾਂ ਦੀ ਜਾਨਾਂ ਚਲੀਆਂ ਗਈਆਂ ਹਨ। ਉੱਥੇ ਹੀ ਜਦੋਂ ਦੋਹਾਂ ਉਮੀਦਵਾਰਾਂ ਨੂੰ ਪੁੱਛਿਆ ਗਿਆ ਕਿ ਉਹ ਸਿਹਤ ਨਾਲ ਜੁੜੇ ਰਿਕਾਰਡ ਜਨਤਕ ਕਰਨਗੇ? ਇਸ ਦੇ ਜਵਾਬ ਵਿੱਚ ਕਮਲਾ ਹੈਰਿਸ ਨੇ ਕਿਹਾ ਕਿ ਉਹ ਸਿਹਤ ਤੇ ਟੈਕਸ ਨਾਲ ਜੁੜੇ ਦਸਤਾਵੇਜ ਲੋਕਾਂ ਦੇ ਲਈ ਜਨਤਕ ਕਰਨ ਦੇ ਪੱਖ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਟਰੰਪ ਅਮਰੀਕੀ ਇਤਿਹਾਸ ਵਿੱਚ ਪਹਿਲਾ ਰਾਸ਼ਟਰਪਤੀ ਹੈ, ਜਿਨ੍ਹਾਂ ਨੇ ਆਪਣੇ ਟੈਕਸ ਰਿਟਰਨ ਨਾਲ ਸਬੰਧਿਤ ਜਾਣਕਾਰੀਆਂ ਜਨਤਕ ਨਹੀਂ ਕੀਤੀਆਂ ਹਨ।ਹੈਰਿਸ ਨੇ ਕਿਹਾ, "ਜਦੋਂ ਮੈਂ ਸੁਣਿਆ ਕਿ ਉਨ੍ਹਾਂ ਨੇ 750 ਡਾਲਰ ਟੈਕਸ ਦਿੱਤਾ ਤਾਂ ਮੈਨੂੰ ਲੱਗਿਆ ਕਿ ਉਨ੍ਹਾਂ ਨੇ 7.5 ਲੱਖ ਡਾਲਰ ਦਾ ਟੈਕਸ ਦਿੱਤਾ ਹੈ, ਪਰ ਦੱਸਿਆ ਗਿਆ ਕਿ ਸਿਰਫ਼ 750 ਡਾਲਰ ਦਿੱਤੇ ਗਏ ਹਨ।" ਉੱਥੇ ਹੀ ਪੇਂਸ਼ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਹਜ਼ਾਰਾਂ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਹਨ ਤੇ ਉਨ੍ਹਾਂ ਦੀ ਆਮਦਨ ਤੋਂ ਜੁੜੀਆਂ ਜਾਣਕਾਰੀਆਂ ਲੋਕਾਂ ਦੇ ਦੇਖਣ ਦੇ ਲਈ ਮੌਜੂਦ ਹਨ। ਹੈਰਿਸ ਨੇ ਕਿਹਾ ਕਿ ਅਮਰੀਕਾ ਦੇ ਲੋਕ ਸਿਹਤ ਦੇ ਲਈ ਬਿਡੇਨ ਓਬਾਮਾ ਦੇ ਨਾਲ ਮਿਲ ਕੇ 'ਓਬਾਮਾ ਕੇਅਰ' ਲੈ ਕੇ ਆਏ ਸਨ। ਪੇਂਸ ਨੇ ਇਸ ਨੂੰ ਇੱਕ 'ਖ਼ਰਾਬ ਨੀਤੀ' ਦੱਸਿਆ।