ਕਾਂਗਰਸ ਨੂੰ ਦੋਹਰਾ ਝਟਕਾ: ਕਮਲਜੀਤ ਕੌਰ ਚੌਧਰੀ ਅਤੇ ਤਜਿੰਦਰ ਬਿੱਟੂ ਭਾਜਪਾ ‘ਚ ਸ਼ਾਮਲ

by jagjeetkaur

ਨਵੀਂ ਦਿੱਲੀ, 20 ਅਪ੍ਰੈਲ 2024 – ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਅਤੇ ਹਿਮਾਚਲ ਕਾਂਗਰਸ ਦੇ ਸਹਿ ਇੰਚਾਰਜ ਤੇਜਿੰਦਰ ਸਿੰਘ ਬਿੱਟੂ ਦਿੱਲੀ ‘ਚ ਭਾਜਪਾ ‘ਚ ਸ਼ਾਮਲ ਹੋ ਗਏ ਹਨ।

ਕਰਮਜੀਤ ਕੌਰ ਚੌਧਰੀ ਜਲੰਧਰ ਤੋਂ ਲੋਕ ਸਭਾ ਟਿਕਟ ਦੀ ਦਾਅਵੇਦਾਰ ਸੀ ਪਰ ਕਾਂਗਰਸ ਨੇ ਉਨ੍ਹਾਂ ਨੂੰ ਪਾਸੇ ਕਰ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਟਿਕਟ ਦੇ ਦਿੱਤੀ। ਚੰਨੀ ਵਿਧਾਨ ਸਭਾ ਚੋਣਾਂ ਵਿੱਚ 2 ਸੀਟਾਂ ਤੋਂ ਹਾਰ ਗਏ ਸਨ। ਖਾਸ ਗੱਲ ਇਹ ਹੈ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਸੰਸਦ ਮੈਂਬਰ ਕਰਮਜੀਤ ਕੌਰ ਚੌਧਰੀ ਦੇ ਪਤੀ ਸੰਤੋਖ ਚੌਧਰੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਕਾਂਗਰਸ ਨੇ ਜ਼ਿਮਨੀ ਚੋਣ ‘ਚ ਕਰਮਜੀਤ ਕੌਰ ਨੂੰ ਟਿਕਟ ਦਿੱਤੀ ਸੀ ਪਰ ਉਹ ‘ਆਪ’ ਦੇ ਸੁਸ਼ੀਲ ਰਿੰਕੂ ਤੋਂ ਹਾਰ ਗਏ ਸਨ। ਹਾਲਾਂਕਿ ਹੁਣ ਸੁਸ਼ੀਲ ਰਿੰਕੂ ਵੀ ਭਾਜਪਾ ‘ਚ ਸ਼ਾਮਲ ਹੋ ਗਏ ਹਨ।

ਕਰਮਜੀਤ ਕੌਰ ਚੌਧਰੀ ਦਾ ਪੁੱਤਰ ਵਿਕਰਮਜੀਤ ਸਿੰਘ ਕਾਂਗਰਸ ਦੀ ਟਿਕਟ ‘ਤੇ ਫਿਲੌਰ ਤੋਂ ਵਿਧਾਇਕ ਹੈ। ਹਾਲਾਂਕਿ ਉਹ ਆਪਣੀ ਮਾਂ ਨਾਲ ਭਾਜਪਾ ‘ਚ ਸ਼ਾਮਲ ਨਹੀਂ ਹੋਏ। ਉਹ ਜਲੰਧਰ ਵਿੱਚ ਟਿਕਟ ਨਾ ਮਿਲਣ ਅਤੇ ਚਰਨਜੀਤ ਚੰਨੀ ਨੂੰ ਉਮੀਦਵਾਰ ਬਣਾਉਣ ਦਾ ਵੀ ਖੁੱਲ੍ਹ ਕੇ ਵਿਰੋਧ ਕਰ ਰਹੇ ਸਨ। ਹਾਲਾਂਕਿ ਉਨ੍ਹਾਂ ਨੇ ਕਾਂਗਰਸ ਨਹੀਂ ਛੱਡੀ ਹੈ। ਉਹ ਫਿਲਹਾਲ ਕਾਂਗਰਸ ‘ਚ ਹੀ ਰਹਿਣਗੇ।