ਕੰਦੋਵਾਲੀਆ ਕਤਲ ਕਾਂਡ ਤੋਂ ਬਾਅਦ ਦਿੱਲੀ ਤੋਂ ਅੰਮ੍ਰਿਤਸਰ ਲਿਆਂਦਾ ਜਾਵੇਗਾ ਜੱਗੂ ਭਗਵਾਨਪੁਰੀਆ

by vikramsehajpal

ਅੰਮ੍ਰਿਤਸਰ (ਦੇਵ ਇੰਦਰਜੀਤ) : ਬੀਤੇ ਦਿਨੀਂ ਅੰਮ੍ਰਿਤਸਰ ਦੇ ਮਜੀਠਾ ਰੋਡ ਸਥਿਤ ਹਸਪਤਾਲ ਵਿਚ ਹੋਏ ਗੈਂਗਸਟਰ ਰਾਣਾ ਕੰਦੋਵਾਲੀਆ ਦੇ ਕਤਲ ਕੇਸ ਦੀ ਜਾਂਚ ਹੁਣ ਤੇਜ਼ ਹੋ ਗਈ ਹੈ। ਇਸ ਦੇ ਚੱਲਦੇ ਅੰਮ੍ਰਿਤਸਰ ਪੁਲਸ ਤਿਹਾੜ ਜੇਲ ਵਿਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ 23 ਤਾਰੀਖ਼ ਨੂੰ ਅੰਮ੍ਰਿਤਸਰ ਲੈ ਕੇ ਆਵੇਗੀ। ਪੁਲਸ ਨੇ ਜੱਗੂ ਭਗਵਾਨਪੁਰੀਆ ਦਾ ਅਦਾਲਤ ਪਾਸੋਂ ਪ੍ਰੋਡਕਸ਼ਨ ਵਾਰੰਟ ਵੀ ਹਾਸਲ ਕਰ ਲਿਆ ਹੈ। ਜੱਗੂ ਭਗਵਾਨਪੁਰੀਆ ਤੋਂ ਪੁੱਛਗਿੱਛ ਦੌਰਾਨ ਕੰਦੋਵਾਲੀਆ ਕਤਲ ਮਾਮਲੇ ਵਿਚ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ ਅਤੇ ਇਹ ਵੀ ਸਾਫ ਹੋ ਸਕਦਾ ਹੈ ਕਿ ਇਸ ਕਤਲ ਕਾਂਡ ਪਿੱਛੇ ਹੋਰ ਕਿਹੜੇ-ਕਿਹੜੇ ਨਾਮ ਜੁੜੇ ਹੋਏ ਹਨ।

ਗੈਂਗਸਟਰ ਰਾਣਾ ਕੰਦੋਵਾਲੀਆ ਨੂੰ 3 ਅਗਸਤ ਨੂੰ ਮਜੀਠਾ ਰੋਡ ਸਥਿਤ ਇਕ ਨਿੱਜੀ ਹਸਪਤਾਲ ’ਚ ਅਣਪਛਾਤਿਆਂ ਨੇ ਉਸ ਵੇਲੇ ਗੋਲੀਆਂ ਮਾਰ ਦਿੱਤੀਆਂ ਸਨ ਜਦੋਂ ਉਹ ਹਸਪਤਾਲ ਵਿਚ ਆਪਣੇ ਕਿਸੇ ਜਾਣਕਾਰ ਦਾ ਹਾਲ ਜਾਨਣ ਆਇਆ ਸੀ। ਗੋਲੀਆਂ ਲੱਗਣ ਕਾਰਣ ਜ਼ਖ਼ਮੀ ਹੋਏ ਕੰਦੋਵਾਲੀਆ ਨੇ ਕੁੱਝ ਘੰਟੇ ਬਾਅਦ ਹੀ ਦਮ ਤੋੜ ਦਿੱਤਾ ਸੀ।

ਜੱਗੂ ਭਗਵਾਨਪੁਰੀਆ ਨੇ ਨੇ ਰਾਣੇ ਦੀ ਮੌਤ ਦਾ ਜ਼ਿੰਮਾ ਲਿਆ ਸੀ। ਸੋਸ਼ਲ ਮੀਡੀਆ ’ਤੇ ਜਾਰੀ ਹੋਈ ਇਕ ਪੋਸਟ ਮੁਤਾਬਕ ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਲੈਂਦਿਆਂ ਸਿੱਧੇ ਤੌਰ ’ਤੇ ਕਿਹਾ ਸੀ ਕਿ ਇਸ ਕਤਲ ਦੀ ਜ਼ਿੰਮੇਵਾਰੀ ਉਹ ਅਤੇ ਉਸ ਦਾ ਭਰਾ ਗੋਲਡੀ ਬਰਾੜ ਲੈਂਦੇ ਹਨ, ਜਿਸ ਬਾਰੇ ਉਨ੍ਹਾਂ ਵਲੋਂ ਪਹਿਲਾਂ ਹੀ ਰਾਣਾ ਕੰਦੋਵਾਲੀਆ ਨੂੰ ਸਾਵਧਾਨ ਕੀਤਾ ਗਿਆ ਸੀ। ਇਸ ਪੋਸਟ ’ਚ ਉਨ੍ਹਾਂ ਦੇ ਟਾਰਗੇਟ ’ਤੇ ਹੋਰ ਦੁਸ਼ਮਣਾਂ ਨੂੰ ਵੀ ਠਿਕਾਣੇ ਲਾਉਣ ਦੀ ਗੱਲ ਕਹੀ ਗਈ ਹੈ। ਪੋਸਟ ’ਚ ਇਹ ਵੀ ਲਿਖਿਆ ਗਿਆ ਹੈ ਕਿ ਵਕਤ ਦਾ ਇੰਤਜ਼ਾਰ ਹੈ, ਹਿਸਾਬ ਸਭ ਦਾ ਹੋਵੇਗਾ।