ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕੀ ਅਧਿਕਾਰੀ ਮਾਰਗਨ ਆਰਟਾਗਸਲ ਨੇ ਭਾਰਤ ਤੇ ਪਾਕਿਸਤਾਨ ਵੱਲੋਂ ਉਸਾਰੇ ਜਾ ਰਹੇ ਕਰਤਾਰਪੁਰ ਸਾਹਿਬ ਕੌਰੀਡੋਰ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਗੁਰੂ ਨਾਨਕ ਦੇਵ ਨਾਲ ਸਬੰਧਤ ਇਸ ਅਸਥਾਨ ਦਾ ਸਿੱਖਾਂ ਲਈ ਖੁੱਲ੍ਹਣਾ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਲਈ ਕਾਫੀ ਅਹਿਮ ਸਾਬਤ ਹੋਵੇਗਾ।
ਤੁਹਾਨੂੰ ਦੱਸ ਦਈਏ ਕਿ ਬੀਤੀ 14 ਜੁਲਾਈ ਨੂੰ ਭਾਰਤ ਤੇ ਪਾਕਿਸਤਾਨ ਦਰਮਿਆਨ ਕਰਤਾਰਪੁਰ ਕੌਰੀਡੋਰ ਬਾਬਤ ਦੁਵੱਲੀ ਬੈਠਕ ਹੋਈ। ਦੂਜੇ ਦੌਰ ਦੀ ਇਸ ਮੀਟਿੰਗ ਵਿੱਚ ਪੰਜਾਬ ਦੇ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਯਾਤਰਾ ਦੇ ਅਹਿਮ ਮੁੱਦੇ ਵਿਚਾਰੇ ਗਏ। ਤਕਰੀਬਨ ਤਿੰਨ ਕਿਲੋਮੀਟਰ ਲੰਮੀ ਇਸ ਯਾਤਰਾ ਦੀ ਸ਼ੁਰੂਆਤ ਨਵੰਬਰ ਮਹੀਨੇ ਵਿੱਚ ਹੋਣ ਦੀ ਆਸ ਹੈ।
ਨਾਲ ਹੀ ਮਹਿਲਾ ਬੁਲਾਰੇ ਨੇ ਕਿਹਾ ਕਿ ਅਸੀਂ ਇਸ ਕਦਮ ਦੀ ਸ਼ਲਾਘਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜੋ ਕੁਝ ਵੀ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦਰਮਿਆਨ ਸਬੰਧਾਂ ਨੂੰ ਉਤਸ਼ਾਹਤ ਕਰਨ ਦਾ ਕੰਮ ਕਰੇਗਾ, ਅਸੀਂ ਉਸ ਦਾ ਖੁੱਲ੍ਹ ਕੇ ਸਮਰਥਨ ਕਰਦੇ ਹਾਂ। ਕਰਤਾਰਪੁਰ ਗਲਿਆਰੇ ਬਾਰੇ ਅਮਰੀਕਾ ਦੀ ਇਹ ਪਹਿਲੀ ਟਿੱਪਣੀ ਹੈ। ਭਾਰਤ ਤੇ ਪਾਕਿਸਤਾਨ ਵੀ ਇਸ ਗਲਿਆਰੇ ਲਈ ਕਾਫੀ ਉਤਸ਼ਾਹਿਤ ਹਨ।



