ਨਿਊਯਾਰਕ ਵਿਧਾਨ ਸਭਾ ਚ ‘ਕਸ਼ਮੀਰੀ ਅਮਰੀਕੀ ਦਿਹਾੜੇ’ ਸੰਬੰਧੀ ਮਤਾ ਪਾਸ

by vikramsehajpal

ਨਿਊਯਾਰਕ (ਦੇਵ ਇੰਦਰਜੀਤ)- ਨਿਊਯਾਰਕ ਸੂਬੇ ਦੀ ਵਿਧਾਨ ਸਭਾ ਨੇ ਇਕ ਮਤਾ ਪਾਸ ਕਰ ਕੇ ਗਵਰਨਰ ਐਂਡਰਿਊ ਕਿਊਮੋ ਤੋਂ ਮੰਗ ਕੀਤੀ ਹੈ ਕਿ 5 ਫਰਵਰੀ ਦਾ ਦਿਨ ‘ਕਸ਼ਮੀਰੀ ਅਮਰੀਕੀ ਦਿਹਾੜੇ’ ਵਜੋਂ ਮਨਾਇਆ ਜਾਵੇ। ਭਾਰਤ ਨੇ ਇਸ ਮਤੇ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ‘ਨਿੱਜੀ ਹਿੱਤਾਂ’ ਖਾਤਰ ਕੁਝ ਲੋਕ ਜੰਮੂ ਕਸ਼ਮੀਰ ਦੇ ਅਮੀਰ ਸਭਿਆਚਾਰਕ ਤੇ ਸਮਾਜਿਕ ਤਾਣੇ-ਬਾਣੇ ਨੂੰ ਗਲਤ ਢੰਗ ਨਾਲ ਪੇਸ਼ ਕਰ ਕੇ ਲੋਕਾਂ ਨੂੰ ਵੰਡ ਰਹੇ ਹਨ।

ਇਹ ਮਤਾ ਵਿਧਾਨ ਸਭਾ ਮੈਂਬਰ ਨਾਦਿਰ ਸਾਏਗ਼ ਤੇ 12 ਹੋਰਾਂ ਨੇ ਪੇਸ਼ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਕਸ਼ਮੀਰੀ ਭਾਈਚਾਰੇ ਨੇ ਔਖ ਝੱਲ ਕੇ ਵੀ ਦ੍ਰਿੜ੍ਹਤਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਖ਼ੁਦ ਨੂੰ ਨਿਊਯਾਰਕ ਪਰਵਾਸੀ ਭਾਈਚਾਰੇ ਦੇ ਅਹਿਮ ਥੰਮ੍ਹ ਵਜੋਂ ਸਥਾਪਿਤ ਕੀਤਾ ਹੈ। ਇਸ ਦੇ ਨਾਲ ਹੀ ਮਤੇ ਵਿਚ ਕਿਹਾ ਗਿਆ ਹੈ ਕਿ ਨਿਊਯਾਰਕ ਮਨੁੱਖੀ ਹੱਕਾਂ ਨੂੰ ਤਰਜੀਹ ਦੇਣ, ਸਾਰੇ ਕਸ਼ਮੀਰੀ ਲੋਕਾਂ ਨੂੰ ਧਾਰਮਿਕ ਤੇ ਭਾਵਨਾਵਾਂ ਪ੍ਰਗਟਾਉਣ ਦੀ ਆਜ਼ਾਦੀ ਦੇਣ ਦੀ ਹਾਮੀ ਭਰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਮੱਦਾਂ ਅਮਰੀਕੀ ਸੰਵਿਧਾਨ ਮੁਤਾਬਕ ਹਨ।