ਬਨੂੜ ਦੀ ਨਵ-ਵਿਆਹੁਤਾ ਨੇ ਮਾਲਦੀਵ ’ਚ ਕੀਤੀ ਖ਼ੁਦਕੁਸ਼ੀ, 6 ਮਹੀਨੇ ਪਹਿਲਾਂ ਗਈ ਸੀ ਵਿਦੇਸ਼

by nripost

ਬਨੂੜ (ਨੇਹਾ): ਸ਼ਹਿਰ ਦੇ ਵਾਰਡ ਨੰਬਰ ਚਾਰ ਦੇ ਆਹਲੂਵਾਲੀਆ ਮੁਹੱਲੇ ਦੇ ਵਸਨੀਕ ਸੁਖਦੇਵ ਸਿੰਘ ਦੀ ਪਿਛਲੇ ਛੇ ਮਹੀਨੇ ਤੋਂ ਮਾਲਦੀਵ ਰਹਿੰਦੀ ਧੀ ਗੁਰਪ੍ਰੀਤ ਕੌਰ (24) ਨੇ ਉਥੇ ਖੁਦਕਸ਼ੀ ਕਰ ਲਈ। ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲੜਕੀ ਦੀ ਲਾਸ਼ ਸ਼ੁੱਕਰਵਾਰ ਨੂੰ ਹੀ ਮਾਲਦੀਵ ਤੋਂ ਦਿੱਲੀ ਏਅਰਪੋਰਟ ’ਤੇ ਪਹੁੰਚੀ ਸੀ ਤੇ ਸ਼ਨਿਚਰਵਾਰ ਨੂੰ ਉਸ ਦਾ ਸਬ ਇੰਸਪੈਕਟਰ ਬਹਾਦਰ ਰਾਮ ਦੀ ਅਗਵਾਈ ਵਾਲੀ ਪੁਲਿਸ ਟੀਮ ਵੱਲੋਂ ਪੋਸਟਮਾਰਟਮ ਕਰਾਇਆ ਗਿਆ ਹੈ।

ਥਾਣਾ ਮੁਖੀ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਵੱਲੋਂ ਖ਼ੁਦਕਸ਼ੀ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਲਦੀਵ ਦੀ ਪੁਲਿਸ ਵੱਲੋਂ ਵਾਰਦਾਤ ਬਾਰੇ ਅਤੇ ਮੌਕੇ ਕੀਤੀ ਪੜਤਾਲ ਬਾਰੇ ਦਸਤਾਵੇਜ਼ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਦਸਤਾਵੇਜ਼ ਫ਼ਾਰਸੀ ਵਿਚ ਹਨ, ਜਿਨ੍ਹਾਂ ਦਾ ਪੰਜਾਬੀ ਵਿਚ ਅਨੁਵਾਦ ਕਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ, ਲੜਕੀ ਦੇ ਪਿਤਾ ਦੇ ਬਿਆਨ, ਮਾਲਦੀਵ ਦੀ ਪੁਲਿਸ ਵੱਲੋਂ ਕੀਤੀ ਕਾਰਵਾਈ, ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਅਨੁਸਾਰ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਲੜਕੀ ਦਾ ਪਿਛਲੇ ਸਾਲ ਅਪ੍ਰੈਲ ਵਿਚ ਜ਼ੀਰਾ (ਫ਼ਿਰੋਜ਼ਪੁਰ) ਦੇ ਸਾਗਰ ਅਰੋੜਾ ਨਾਲ ਪ੍ਰੇਮ ਵਿਆਹ ਹੋਇਆ ਸੀ। ਲੜਕੀ ਦੇ ਪਿਤਾ ਸੁਖਦੇਵ ਸਿੰਘ ਨੇ ਥਾਣਾ ਬਨੂੜ ਦੀ ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਮ੍ਰਿਤਕਾ ਦੇ ਪਤੀ ਸਾਗਰ ਅਰੋੜਾ ਉੱਤੇ ਉਸ ਦੀ ਧੀ ਨੂੰ ਪਰੇਸ਼ਾਨ ਕਰਨ ਅਤੇ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਦੱਸਿਆ ਕਿ ਉਸ ਦੀ ਧੀ ਬੀਕਾਮ ਆਨਰਜ਼ ਪਾਸ ਸੀ। ਉਹ ਵਰਕ ਪਰਮਿਟ ਉੱਤੇ ਛੇ ਮਹੀਨੇ ਪਹਿਲਾਂ ਮਾਲਦੀਵ ਗਈ ਸੀ ਤੇ ਲੜਕੀ ਦਾ ਪਤੀ ਇੱਥੇ ਹੀ ਸੀ। ਉਨ੍ਹਾਂ ਦੱਸਿਆ ਕਿ 11 ਜੂਨ ਨੂੰ ਪਰਿਵਾਰ ਦੀ ਲੜਕੀ ਨਾਲ ਗੱਲ ਹੋਈ ਸੀ।

ਉਨ੍ਹਾਂ ਕਿਹਾ ਕਿ ਉਸੇ ਰਾਤ ਇਹ ਘਟਨਾ ਵਾਪਰ ਗਈ, ਜਿਸ ਬਾਰੇ ਉਸ ਦੀ ਸਹੇਲੀ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਘਟਨਾ ਤੋਂ ਕੁਝ ਦਿਨ ਪਹਿਲਾਂ ਲੜਕੀ ਦਾ ਪਤੀ ਉਸ ਨਾਲ ਗੱਲ ਨਹੀਂ ਕਰ ਰਿਹਾ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਪੁਲਿਸ ਤੋਂ ਉਸ ਦੀ ਧੀ ਨੂੰ ਖ਼ੁਦਕਸ਼ੀ ਲਈ ਮਜਬੂਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

More News

NRI Post
..
NRI Post
..
NRI Post
..