ਸ਼ਰਾਬ ਦੀ ਹੋਮ ਡਿਲਿਵਰੀ ਨੂੰ ਲੈ ਕੇਜ਼ਰੀਵਾਲ ਸਰਕਾਰ ਦੀ ਮੰਜ਼ੂਰੀ

by vikramsehajpal

ਦਿੱਲੀ (ਦੇਵ ਇੰਦਰਜੀਤ) : ਕਨਫੈਡਰੇਸ਼ਨ ਆਫ ਇੰਡੀਅਨ ਅਲਕੋਹਲਿਕ ਬੇਵਰੇਜ ਕੰਪਨੀਜ਼ ਨੇ ਕਿਹਾ ਕਿ ਮਹਾਰਾਸ਼ਟਰ ਅਤੇ ਮੁੰਬਈ ’ਚ ਕੋਰੋਨਾ ਲਾਗ ਨੂੰ ਰੋਕਣ ਲਈ ਦੁਕਾਨਾਂ ਬੰਦ ਹਨ, ਇਥੇ ਸਰਕਾਰ ਨੇ ਹੋਮ ਡਿਲਿਵਰੀ ਦੀ ਮਨਜ਼ੂਰੀ ਦਿੱਤੀ ਹੈ। ਦਿੱਲੀ ’ਚ ਅਪ੍ਰੈਲ ਮਹੀਨੇ ’ਚ ਤਾਲਾਬੰਦੀ ਤੋਂ ਬਾਅਦ ਸ਼ਰਾਬ ਵਿਕਰੀ ਕੇਂਦਰਾਂ ’ਤੇ ਭੀੜ ਵਧ ਗਈ ਸੀ। ਇਹ ਜਨਤਾ ਦੀ ਘਬਰਾਹਟ ਹੀ ਸੀ। ਐਸੋਸੀਏਸ਼ਨ ਨੇ ਉਮੀਦ ਜਤਾਈ ਸੀ ਕਿ ਦਿੱਲੀ ’ਚ ਵੀ ਆਨਲਾਈਨ ਵਿਕਰੀ ਦੀ ਮਨਜ਼ੂਰੀ ਦਿੱਤੀ ਜਾਵੇਗੀ।

ਦਿੱਲੀ ਸਰਕਾਰ ਨੇ ਦੇਸੀ ਅਤੇ ਵਿਦੇਸ਼ੀ ਹਰ ਕਿਸਮ ਦੀ ਸ਼ਰਾਬ ਦੀ ਹੋਮ ਡਿਲਿਵਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਲਈ ਆਰਡਰ ਮੋਬਾਇਲ ਐਪ ਜਾਂ ਵੈੱਬ ਪੋਰਟਲ ਰਾਹੀਂ ਦਿੱਤਾ ਜਾ ਸਕਦਾ ਹੈ। ਇਸ ਪਿੱਛੇ ਸਰਕਾਰ ਦਾ ਤਰਕ ਹੈ ਕਿ ਇਸ ਫੈਸਲੇ ਨਾਲ ਕੋਰੋਨਾ ਕਾਲ ’ਚ ਸ਼ਰਾਬ ਦੀਆਂ ਦੁਕਾਨਾਂ ’ਤੇ ਭੀੜ ਇਕੱਠੀ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਅਪ੍ਰੈਲ ਮਹੀਨੇ ’ਚ ਜਦੋਂ ਦਿੱਲੀ ’ਚ ਤਾਲਾਬੰਦੀ ਲੱਗੀ ਸੀ, ਉਦੋਂ ਸ਼ਰਾਬ ਦੀਆਂ ਦੁਕਾਨਾਂ ’ਤੇ ਗਾਹਕਾਂ ਦੀ ਭੀੜ ਵਧ ਗਈ ਸੀ, ਉਸੇ ਸਮੇਂ ਸ਼ਰਾਬ ਦੀਆਂ ਕੰਪਨੀਆਂ ਨੇ ਦਿੱਲੀ ਸਰਕਾਰ ਤੋਂ ਸ਼ਰਾਬ ਦੀ ਹੋਮ ਡਿਲਿਵਰੀ ਸ਼ੁਰੂ ਕਰਨ ਦੀ ਮੰਗ ਕੀਤੀ ਸੀ। ਅਨੁਮਾਨ ਹੈ ਕਿ ਸਰਕਾਰ ਦਾ ਇਹ ਫੈਸਲਾ ਉਸੇ ਮੰਗ ਦੇ ਚਲਦੇ ਆਇਆ ਹੈ।

ਦਿੱਲੀ ਆਬਕਾਰੀ ਨਿਯਮ 2021 ਮੁਤਾਬਕ, ਐੱਲ-13 ਲਾਈਸੈਂਸ ਧਾਰਕਾਂ ਨੂੰ ਲੋਕਾਂ ਦੇ ਘਰ ਤਕ ਸ਼ਰਾਬ ਪਹੁੰਚਾਉਣ ਦੀ ਮਨਜ਼ੂਰੀ ਹੋਵੇਗੀ। ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਲਾਈਸੈਂਸ ਧਾਰਕ ਸਿਰਫ਼ ਮੋਬਾਇਲ ਐਪ ਜਾਂ ਆਨਲਾਈਨ ਵੈੱਬ ਪੋਰਟਲ ਰਾਹੀਂ ਆਰਡਰ ਮਿਲਣ ’ਤੇ ਹੀ ਘਰਾਂ ’ਚ ਸ਼ਰਾਬ ਡਿਲਿਵਰ ਕਰੇਗਾ ਅਤੇ ਕਿਸੇ ਵੀ ਹੋਸਟਲ, ਦਫਤਰ ਅਤੇ ਸੰਸਥਾ ਨੂੰ ਕੋਈ ਡਿਲਿਵਰੀ ਨਹੀਂ ਕੀਤੀ ਜਾਵੇਗੀ।