ਕੇਜਰੀਵਾਲ ਦਾ ਵੱਡਾ ਐਲਾਨ: ਸਰਕਾਰੀ ਦਫ਼ਤਰਾਂ ‘ਚੋਂ ਮੁੱਖ ਮੰਤਰੀ ਦੀ ਤਸਵੀਰ ਹਟਾ ਕੇ ਬਾਬਾ ਸਾਹਿਬ ਅਤੇ ਭਗਤ ਸਿੰਘ ਲਗਾਈ ਜਾਵੇ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵੱਲੋਂਇੱਕ ਖ਼ਾਸ ਐਲਾਨ ਕੀਤਾ ਗਿਆ ਕਿ ਸਰਕਾਰ ਬਣਨ 'ਤੇ ਪੰਜਾਬ ਦੇ ਸਮੂਹ ਸਰਕਾਰੀ ਦਫ਼ਤਰਾਂ ਵਿੱਚ ਮੁੱਖ ਮੰਤਰੀ ਦੀ ਤਸਵੀਰ ਦੀ ਥਾਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਲਗਾਈ ਜਾਵੇਗੀ।

ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਦਿੱਲੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਹੈ ਅਤੇ ਉਹ ਇਸ ਗੰਦੀ ਰਾਜਨੀਤੀ ਨੂੰ ਸਾਫ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੂੰ ਆਜ਼ਾਦ ਹੋਇਆਂ 75 ਸਾਲ ਹੋ ਗਏ ਹਨ। ਇਹ ਆਜ਼ਾਦੀ ਸਾਨੂੰ ਬਹੁਤ ਹੀ ਮੁਸ਼ਕਿਲ ਨਾਲ, ਸਾਡੇ ਬਜ਼ੁਰਗਾਂ ਦੀ ਕੁਰਬਾਨੀ ਨਾਲ ਮਿਲੀ ਹੈ, ਪਰੰਤੂ ਇਸ ਗੰਦੀ ਰਾਜਨੀਤੀ ਕਾਰਨ ਅਸੀਂ ਇਸ ਨੂੰ ਅੱਜ ਭੁੱਲਦੇ ਜਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੇ ਸਿਸਟਮ ਵਿੱਚ ਗੰਦੀ ਰਾਜਨੀਤੀ ਇਸ ਤਰ੍ਹਾਂ ਹਾਵੀ ਹੋ ਗਈ ਹੈ ਕਿ ਅੱਜ ਲੋਕਾਂ ਕਹਿੰਦੇ ਹਨ ਇਸ ਤੋਂ ਵਧੀਆ ਤਾਂ ਅੰਗਰੇਜ਼ ਸਨ।

ਆਗੂਆਂ ਨੇ ਕਿਹਾ ਕਿ ਭਾਵੇਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਨੇਕਾਂ ਸੂਰਬੀਰਾਂ ਅਤੇ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਹਨ ਅਤੇ ਕਿਸੇ ਦੀ ਵੀ ਕੁਰਬਾਨੀ ਨੂੰ ਘੱਟ ਨਹੀਂ ਕਿਹਾ ਜਾ ਸਕਦਾ, ਪਰੰਤੂ ਦੋ ਸ਼ਖਸੀਆਂ ਅਜਿਹੀਆਂ ਹਨ ਜਿਨ੍ਹਾਂ ਨੇ ਆਜ਼ਾਦੀ ਦੇ ਅੰਦੋਲਨ ਨੂੰ ਸਿਖਰ ਤੱਕ ਪਹੁੰਚਾਇਆ, ਬਾਬਾ ਸਾਹਿਬ ਡਾ. ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਆਜ਼ਾਦੀ ਦੀ ਲੜਾਈ ਦੀ ਅਗਵਾਈ ਕਰਦੇ ਸਨ। ਉਨ੍ਹਾਂ ਕਿਹਾ ਕਿ ਅਸੀਂ ਬਾਬਾ ਸਾਹਿਬ ਦੇ ਪ੍ਰਸ਼ੰਸਕ ਨਹੀਂ, ਭਗਤ ਹਾਂ ਅਤੇ ਪੂਜਾ ਕਰਦੇ ਹਾਂ।

ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਮੁੱਖ ਮੰਤਰੀ ਦੀ ਤਸਵੀਰ ਦੀ ਥਾਂ ਬਾਬਾ ਸਾਹਿਬ ਡਾ. ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਲਗਾਈ ਜਾਵੇਗੀ। ਜਦਕਿ ਆਮ ਤੌਰ 'ਤੇ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਦੀ ਤਸਵੀਰ ਵੇਖਣ ਨੂੰ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਖਸੀਅਤਾਂ ਦੀ ਤਸਵੀਰ ਵੇਖ ਕੇ ਉਨ੍ਹਾਂ ਦੀ ਕੁਰਬਾਨੀ ਯਾਦ ਆਵੇਗੀ। ਦਿੱਲੀ ਵਿੱਚ ਵੀ ਅਸੀਂ ਕਿਹਾ ਹੈ ਕਿ ਸਰਕਾਰ ਉਨ੍ਹਾਂ ਦੇ ਵਿਚਾਰਾਂ 'ਤੇ ਚੱਲੇਗੀ।