ਗੰਭੀਰ ਜ਼ਖ਼ਮੀ ਕੀਨੀਆ ਦੇ ਖਿਡਾਰੀ ਦਾ ਹਸਪਤਾਲ ‘ਚ ਇਲਾਜ ਜਾਰੀ

by

ਫ਼ਰੀਦਕੋਟ (ਇੰਦਰਜੀਤ ਸਿੰਘ) : ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਕੌਮਾਤਰੀ ਕਬੱਡੀ ਟੂਰਨਾਮੈਂਟ ਦੌਰਾਨ ਕੁਝ ਕੁ ਦਿਨ ਪਹਿਲਾਂ ਬਠਿੰਡਾ 'ਚ ਅਮਰੀਕਾ ਬਨਾਮ ਕੀਨੀਆ ਮੈਚ ਖੇਡਿਆ ਜਾ ਰਿਹਾ ਸੀ, ਜਿਸ 'ਚ ਕੀਨੀਆ ਟੀਮ ਦਾ ਖਿਡਾਰੀ ਧੌਣ 'ਤੇ ਅੰਦਰੂਨੀ ਤੇ ਡੂੰਘੀ ਸੱਟ ਲੱਗਣ ਕਾਰਨ ਗੰਭੀਰ ਫੱਟੜ ਹੋ ਗਿਆ ਸੀ।ਪੰਜਾਬ ਸਰਕਾਰ ਤੇ ਖੇਡ ਵਿਭਾਗ ਵੱਲੋਂ ਬਿਹਤਰ ਇਲਾਜ ਲਈ ਖਿਡਾਰੀ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਖਿਡਾਰੀ ਦਾ ਇਲਾਜ ਚੱਲ ਰਿਹਾ ਹੈ। ਖਿਡਾਰੀ ਕੇਵਿਨ ਜੁੰਮਾ ਦੀ ਧੌਣ ਦਾ ਮਣਕਾ ਦੱਬ ਜਾਣ ਕਾਰਨ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਵੱਲੋਂ ਸੋਮਵਾਰ ਨੂੰ ਆਪ੍ਰੇਸ਼ਨ ਕਰ ਕੇ ਪਲੇਟਾਂ ਪਾਈਆਂ ਜਾਣਗੀਆਂ। 

ਵਿਦੇਸ਼ੀ ਖਿਡਾਰੀ ਦਾ ਵੱਖਰੇ ਵਾਰਡ 'ਚ ਇਲਾਜ ਚੱਲ ਰਿਹਾ ਹੈ ਤੇ ਕੀਨੀਆ ਟੀਮ ਦੇ ਖਿਡਾਰੀ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਲਾਜ ਤੋਂ ਸੰਤੁਸ਼ਟ ਹਨ। ਖੇਡ ਵਿਭਾਗ ਵੱਲੋਂ ਡੀਐੱਸਓ ਸਮੇਤ 24 ਘੰਟੇ ਡਿਉੂਟੀ ਨਿਭਾ ਰਹੇ 2 ਮੁਲਾਜ਼ਮ ਖੇਡ ਵਿਭਾਗ ਸਮੇਤ ਪੰਜਾਬ ਸਰਕਾਰ ਨੂੰ ਹਰ ਗੱਲ ਤੋਂ ਜਾਣੂ ਕਰਵਾ ਰਹੇ ਹਨ ਤਾਂ ਵਿਦੇਸ਼ੀ ਖਿਡਾਰੀ ਨੂੰ ਇਲਾਜ ਦੌਰਾਨ ਕੋਈ ਪਰੇਸ਼ਾਨੀ ਨਾ ਆਵੇ। 

ਡੀਐੱਸਓ ਬਲਜਿੰਦਰ ਸਿੰਘ ਸਮੇਤ ਵਾਲੀਬਾਲ ਕੋਚ ਪਰਮਿੰਦਰ ਸਿੰਘ ਅਤੇ ਦੇਖ-ਰੇਖ ਕਰ ਰਹੇ ਨਛੱਤਰ ਸਿੰਘ ਮਾਹਲਾ ਗਰਾਊਂਡ ਸੁਪਰਵਾਈਜ਼ਰ ਨੇ ਕਿਹਾ ਕਿ ਖੇਡ ਮੰਤਰੀ ਗੁਰਜੀਤ ਸਿੰਘ ਰਾਣਾ ਸੋਢੀ ਅਤੇ ਖੇਡ ਵਿਭਾਗ ਦੇ ਵਧੀਕ ਚੀਫ ਸੈਕਟਰੀ ਸੰਜੇ ਕੁਮਾਰ, ਡਾਇਰੈਕਟਰ ਖੇਡ ਵਿਭਾਗ ਪੰਜਾਬ ਐੱਸਕੇ ਪੋਪਲੀ, ਡਿਪਟੀ ਡਾਇਰੈਕਟਰ ਖੇਡ ਵਿਭਾਗ ਕਰਤਾਰ ਸਿੰਘ, ਡਾਇਰੈਕਟਰ ਟੂਰਨਾਮੈਂਟ ਅਤੇ ਮੀਤ ਪ੍ਰਧਾਨ ਕਬੱਡੀ ਐਸੋਸੀਏਸ਼ਨ ਤੇਜਿੰਦਰ ਸਿੰਘ ਦੀ ਦੇਖ-ਰੇਖ ਹੇਠ ਗੰਭੀਰ ਜ਼ਖ਼ਮੀ ਕੀਨੀਆ ਦੇ ਖਿਡਾਰੀ ਕੇਵਿਨ ਜੁੰਮਾ ਦਾ ਇਲਾਜ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਜਾਰੀ ਹੈ। ਕੀਨੀਆ ਟੀਮ ਦੇ ਖਿਡਾਰੀ ਕੇਵਿਨ ਜੁੰਮਾ ਦੇ ਇਲਾਜ ਦਾ ਸਾਰਾ ਖ਼ਰਚ ਪੰਜਾਬ ਸਰਕਾਰ ਚੁੱਕ ਰਹੀ ਹੈ ਤਾਂ ਜੋ ਖਿਡਾਰੀ ਨੂੰ ਕੋਈ ਪਰੇਸ਼ਾਨੀ ਨਾ ਆਵੇ।