ਟਰੈਕਟਰਪਰੇਡ ਵਿੱਚ ਹਿੰਸਾ ਭੜਕਾਉਣ ਲਈ ਸਾਜ਼ਿਸ ਰਚ ਰਿਹਾ ਪਾਕਿਸਤਾਨ : ਦਿੱਲੀ ਪੁਲੀਸ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਦਿੱਲੀ ਪੁਲੀਸ ਨੇ ਕਿਹਾ ਹੈ ਕਿ ਕਿਸਾਨਾਂ ਦੀ ਟਰੈਕਟਰ ਪਰੇਡ 26 ਜਨਵਰੀ ਨੂੰ ਗਣਤੰਤਰ ਦਿਵਸ ਸੰਪੰਨ ਹੋਣ ਮਗਰੋਂ 3 ਰੂਟਾਂ ’ਤੇ ਸਖ਼ਤ ਸੁਰੱਖਿਆ ਹੇਠ ਹੋਵੇਗੀ। ਇਸ ਦਾ ਰੂਟ ਪਲਾਨ ਤੈਅ ਕਰਕੇ ਕਿਸਾਨਾਂ ਨਾਲ ਸਾਂਝਾ ਕਰ ਲਿਆ ਗਿਆ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਵਿਸ਼ੇਸ਼ ਪੁਲੀਸ ਕਮਿਸ਼ਨਰ (ਇੰਟੈਲੀਜੈਂਸ) ਦੀਪੇਂਦਰ ਪਾਠਕ ਨੇ ਕਿਹਾ ਕਿ ਟਰੈਕਟਰ ਪਰੇਡ ਟਿਕਰੀ ਬਾਰਡਰ (63 ਕਿਲੋਮੀਟਰ), ਸਿੰਘੂ ਬਾਰਡਰ (62 ਕਿਲੋਮੀਟਰ) ਤੇ ਗਾਜ਼ੀਪੁਰ ਬਾਰਡਰ (46 ਕਿਲੋਮੀਟਰ) ਤਿੰਨ ਰੂਟਾਂ ’ਤੇ ਹੋਵੇਗੀ ਅਤੇ ਪਰੇਡ ਖ਼ਤਮ ਹੋਣ ਮਗਰੋਂ ਮੂਲ ਸਥਾਨਾਂ ’ਤੇ ਵਾਪਸ ਆਵੇਗੀ। ਸਿੰਘੂ ਤੋਂ ਇਹ ਕਾਂਝਵਾਲਾ, ਬਵਾਨਾ, ਅਚੰਡੀ ਹੱਦ, ਕੇਐੱਮਪੀ ਐਕਸਪ੍ਰੈੱਸਵੇਅ ਤੋਂ ਹੁੰਦੀ ਹੋਈ ਵਾਪਸ ਸਿੰਘੂ ਆਵੇਗੀ। ਟਿਕਰੀ ਸਰਹੱਦ ਤੋਂ ਇਹ ਪਰੇਡ ਨਾਗਲੋਈ ਜਾ ਕੇ ਨਜ਼ਫਗੜ੍ਹ ਅਤੇ ਪੱਛਮੀ ਪੈਰੀਫੇਰੀਅਲ ਐਕਸਪ੍ਰੈੱਸ ਵੇਅ ਰਾਹੀਂ ਲੰਘੇਗੀ। ਗਾਜ਼ੀਪੁਰ ਦੀ ਹੱਦ ਤੋਂ ਇਹ ਮਾਰਚ ਕੁੰਡਲੀ-ਗਾਜ਼ੀਆਬਾਦ-ਪਲਵਲ ਐਕਸਪ੍ਰੈੱਸ ਵੇਅ ਤੋਂ ਲੰਘਦਾ ਹੋਇਆ ਆਪਣੇ ਮੂਲ ਸਥਾਨ ’ਤੇ ਵਾਪਸ ਆਵੇਗਾ। ਉਨ੍ਹਾਂ ਕਿਹਾ ਕਿ ਇਸ ਪਰੇਡ ਵਿੱਚ ਹਿੰਸਾ ਭੜਕਾਉਣ ਲਈ ਪਾਕਿਸਤਾਨ ਸਾਜ਼ਿਸ ਰਚ ਰਿਹਾ ਹੈ ਅਤੇ 13 ਤੋਂ 18 ਜਨਵਰੀ ਤੱਕ 300 ਤੋਂ ਵੱਧ ਟਵਿੱਟਰ ਅਕਾਊਂਟ ਬਣਾਏ ਗਏ ਹਨ। ਇਸ ਲਈ ਪੁਲੀਸ ਚੌਕਸ ਹੈ।

ਜ਼ਿਕਰਯੋਗ ਹੈ ਕਿ ਕਿਸਾਨ ਦਿੱਲੀ ਦੀ ਆਊਟਰ (ਬਾਹਰੀ) ਰਿੰਗ ਰੋਡ ’ਤੇ ਟਰੈਕਟਰ ਪਰੇਡ ਕਰਨਾ ਚਾਹੁੰਦੇ ਸਨ, ਜਦੋਂਕਿ ਪੁਲੀਸ ਕੌਮੀ ਰਾਜਧਾਨੀ ਤੋਂ ਬਾਹਰ ਟਰੈਕਟਰ ਪਰੇਡ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੀ ਸੀ।