ਕੇਐੱਲ ਰਾਹੁਲ ਨੇ ਬਚਾਈ 11 ਸਾਲਾਂ ਬੱਚੇ ਦੀ ਜ਼ਿੰਦਗੀ, ਸਰਜਰੀ ਲਈ ਦਿੱਤੇ 31 ਲੱਖ

by jaskamal

ਨਿਊਜ਼ ਡੈਸਕ : ਭਾਰਤੀ ਬੱਲੇਬਾਜ਼ ਕੇਐੱਲ ਰਾਹੁਲ ਅਕਸਰ ਆਪਣੇ ਬੇਮਿਸਾਲ ਪ੍ਰਦਰਸ਼ਨ ਕਾਰਨ ਸੁਰਖੀਆਂ 'ਚ ਰਹਿੰਦੇ ਹਨ ਪਰ ਇਸ ਵਾਰ ਉਨ੍ਹਾਂ ਨੇ ਇੱਕ ਨੇਕ ਕੰਮ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਦਰਅਸਲ ਕੇਐੱਲ ਰਾਹੁਲ ਨੇ ਇਕ 11 ਸਾਲ ਦੇ ਬੱਚੇ ਵਾਰਥ ਦੀ ਸਰਜਰੀ ਲਈ 31 ਲੱਖ ਰੁਪਏ ਦਾਨ ਕੀਤੇ ਹਨ। ਰਾਹੁਲ ਮੁੰਬਈ ਦੇ ਜਸਲੋਕ ਹਸਪਤਾਲ 'ਚ ਭਰਤੀ ਹੈ।

ਵਾਰਥ ਨਲਵਾਡੇ ਇੱਕ ਦੁਰਲਭ ਬੀਮਾਰੀ ਨਾਲ ਜੂਝ ਰਿਹਾ ਹੈ। ਉਸ ਦੇ ਬੋਨ ਮੇਰੋ ਟਰਾਂਸਪਲਾਂਟੇਸ਼ਨ ਲਈ 35 ਲੱਖ ਰੁਪਏ ਦੀ ਲੋੜ ਸੀ। ਉਸ ਦੇ ਲਈ ਵਾਰਥ ਦੇ ਮਾਪਿਆਂ ਨੇ ਪਿਛਲੇ ਦਸੰਬਰ ਵਿੱਚ ਇੱਕ ਐੱਨਜੀਓ ਰਾਹੀਂ 35 ਲੱਖ ਰੁਪਏ ਇਕੱਠਾ ਕਰਨਾ ਸ਼ੁਰੂ ਕੀਤਾ ਸੀ। ਇਸ ਦੀ ਸੂਚਨਾ ਰਾਹੁਲ ਨੂੰ ਮਿਲੀ ਤਾਂ ਉਸ ਨੇ 31 ਲੱਖ ਰੁਪਏ ਦਾਨ 'ਚ ਦਿੱਤੇ। ਕੇਐੱਲ ਰਾਹੁਲ ਦੇ ਇਸ ਕਦਮ ਦੀ ਸੋਸ਼ਲ ਮੀਡੀਆ ‘ਤੇ ਖੂਬ ਤਾਰੀਫ ਹੋ ਰਹੀ ਹੈ।

ਰਾਹੁਲ ਨੇ ਇਸ ਬਾਰੇ ਕਿਹਾ ਕਿ ਜਦੋਂ ਮੈਨੂੰ ਵਾਰਥ ਦੀ ਹਾਲਤ ਬਾਰੇ ਪਤਾ ਲੱਗਾ ਤਾਂ ਮੇਰੀ ਟੀਮ ਨੇ ਗਿਵਇੰਡੀਆ ਨਾਲ ਸੰਪਰਕ ਕੀਤਾ, ਤਾਂਕਿ ਅਸੀਂ ਉਸ ਦੀ ਹਰ ਤਰ੍ਹਾਂ ਦੀ ਮਦਦ ਕਰ ਸਕੀਏ। ਮੈਨੂੰ ਖੁਸ਼ੀ ਹੈ ਕਿ ਸਰਜਰੀ ਸਫਲ ਰਹੀ ਤੇ ਉਹ ਰਿਕਵਰ ਕਰ ਰਿਹਾ ਹੈ। ਮੈਨੂੰ ਉਮੀਦ ਹੈ ਕਿ ਵਾਰਥ ਛੇਤੀ ਤੋਂ ਛੇਤੀ ਆਪਣੇ ਪੈਰਾਂ ‘ਤੇ ਖੜ੍ਹਾ ਹੋ ਜਾਏਗਾ ਤੇ ਆਪਣੇ ਸੁਪਨਿਆਂ ਨੂੰ ਹਾਸਲ ਕਰਨ ਲਈ ਅੱਗੇ ਵਧੇਗਾ। ਆਸ ਹੈ ਕਿ ਮੇਰਾ ਯੋਗਦਾਨ ਵੱਧ ਤੋਂ ਵੱਧ ਲੋਕਾਂ ਨੂੰ ਅੱਗੇ ਆਉਣ ਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਪ੍ਰੇਰਿਤ ਕਰੇਗਾ।