ਲਾਖੀਮਪੁਰ ਖੇਰੀ ਕੇਸ ਦੀ 26 ਅਕਤੂਬਰ ਤਕ ਟਲ਼ੀ ਸੁਣਵਾਈ

by vikramsehajpal

ਦਿੱਲੀ (ਦੇਵ ਇੰਦਰਜੀਤ) : ਸੁਪਰੀਮ ਕੋਰਟ 'ਚ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਇਸ ਮਹੀਨੇ ਦੀ ਸ਼ੁਰੂਆਤ 'ਚ ਹੋਈ ਹਿੰਸਕ ਘਟਨਾ ਸਬੰਧੀ ਇਕ ਜਨਹਿਤ ਪਟੀਸ਼ਨ 'ਤੇ ਸੁਣਵਾਈ ਸ਼ੁਰੂ ਹੋ ਗਈ ਹੈ। ਇਸ ਘਟਨਾ 'ਚ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ।

ਅਦਾਲਤ ਨੇ ਮਾਮਲੇ 'ਚ ਖ਼ੁਦ ਨੋਟਿਸ ਲਿਆ ਹੈ ਤੇ ਪਿਛਲੀ ਸੁਣਵਾਈ ਦੌਰਾਨ ਜਾਂਚ ਵਿਚ ਅਸੰਤੋਖਜਨਕ ਐਕਸ਼ਨ ਲਈ ਉੱਤਰ ਪ੍ਰਦੇਸ਼ ਪੁਲਿਸ ਦੀ ਖਿਚਾਈ ਕੀਤੀ ਸੀ। ਇਕ ਕੇਂਦਰੀ ਮੰਤਰੀ ਦਾ ਬੇਟਾ ਵੀ ਇਸ ਘਟਨਾ 'ਚ ਮੁੱਖ ਮੁਲਜ਼ਮਾਂ 'ਚ ਸ਼ਾਮਲ ਹੈ।

ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ ਹੁੰਦੇ ਹੀ ਯੂਪੀ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਕਿਹਾ, 'ਅਸੀਂ ਇਕ ਸਟੇਟਸ ਰਿਪੋਰਟ ਸੀਲਬੰਦ ਲਿਫ਼ਾਫ਼ੇ 'ਚ ਦਾਖ਼ਲ ਕੀਤੀ ਹੈ। ਸੁਣਵਾਈ ਸ਼ੁੱਕਰਵਾਰ ਤਕ ਟਾਲੀ ਜਾਵੇ।' ਇਸ 'ਤੇ ਅਦਾਲਤ ਨੇ ਕਿਹਾ, 'ਸਾਨੂੰ ਇਹ ਰਿਪੋਰਟ ਹੁਣੇ-ਹੁਣੇ ਮਿਲੀ ਹੈ।

ਅਸੀਂ ਕੱਲ੍ਹ ਦੇਰ ਸ਼ਾਮ ਤਕ ਇੰਤਜ਼ਾਰ ਕਰਦੇ ਰਹੇ। ਸੁਣਵਾਈ ਨੂੰ ਟਾਲਿਆ ਨਹੀਂ ਜਾ ਸਕਦਾ।' ਹਾਲਾਂਕਿ ਬਾਅਦ ਵਿਚ ਯੂਪੀ ਵੱਲੋਂ ਸਾਰੀ ਜਾਣਕਾਰੀ ਨਾ ਦੇਣ ਕਾਰਨ ਮਾਮਲੇ ਅਗਲੇ ਹਫ਼ਤੇ ਤਕ ਲਈ ਟਾਲ ਦਿੱਤਾ ਗਿਆ ਹੈ। ਅਗਲੀ ਸੁਣਵਾਈ 26 ਅਕਤੂਬਰ ਨੂੰ ਹੋਵੇਗੀ।