ਲਖੀਮਪੁਰ ਹਿੰਸਾ : ਆਸ਼ੀਸ਼ ਮਿਸ਼ਰਾ 3 ਦਿਨ ਦੇ ਪੁਲਸ ਰਿਮਾਂਡ ’ਤੇ

by vikramsehajpal

ਉੱਤਰ ਪ੍ਰਦੇਸ਼ (ਦੇਵ ਇੰਦਰਜੀਤ) : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ 3 ਅਕਤੂਬਰ ਨੂੰ ਹੋਈ ਹਿੰਸਾ ਮਾਮਲੇ ’ਚ ਅਦਾਲਤ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਅਤੇ ਇਸ ਮਾਮਲੇ ’ਚ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਤਿੰਨ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਓਧਰ ਇਸਤਗਾਸਾ ਪੱਖ ਦੇ ਸੀਨੀਅਰ ਵਕੀਲ ਐੱਸ. ਪੀ. ਯਾਦਵ ਦੇ ਹਵਾਲੇ ਤੋਂ ਇਕ ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ।

ਇਸ ਮਾਮਲੇ ਵਿਚ ਜਾਂਚ ਦਾ ਜਿੰਮਾ ਸੰਭਾਲ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ ਆਸ਼ੀਸ਼ ਮਿਸ਼ਰਾ ਦੀ 14 ਦਿਨ ਦੇ ਰਿਮਾਂਡ ਮੰਗੀ ਸੀ। ਆਸ਼ੀਸ਼ ਦੇ ਵਕੀਲ ਨੇ ਇਸ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਦੋਹਾਂ ਪੱਖਾਂ ਦੀਆਂ ਦਲੀਲਾਂ ਨੂੰ ਸੁਣਨ ਮਗਰੋਂ ਆਸ਼ੀਸ਼ ਨੂੰ 3 ਦਿਨ ਦੀ ਰਿਮਾਂਡ ’ਤੇ ਭੇਜਿਆ ਗਿਆ ਹੈ। ਇਹ ਰਿਮਾਂਡ 12 ਤੋਂ 15 ਅਕਤੂਬਰ ਤੱਕ ਲਈ ਹੈ।

ਓਧਰ ਬਚਾਅ ਪੱਖ ਦੇ ਵਕੀਲ ਦਾ ਕਹਿਣਾ ਹੈ ਕਿ ਆਸ਼ੀਸ਼ ਤੋਂ 12 ਘੰਟੇ ਦੀ ਲੰਬੀ ਪੁੱਛ-ਗਿੱਛ ਕੀਤੀ ਗਈ। ਉਨ੍ਹਾਂ ਨੇ ਖ਼ੁਦ ਨੂੰ ਬੇਕਸੂਰ ਸਾਬਤ ਕਰਨ ਲਈ ਕਈ ਸਬੂਤ ਵੀ ਦਿੱਤੇ ਹਨ। ਅਜਿਹੇ ਵਿਚ ਉਨ੍ਹਾਂ ਕੋਲ ਕੁਝ ਹੋਰ ਦੱਸਣ ਲਈ ਨਹੀਂ ਹੈ।

ਆਸ਼ੀਸ਼ ਮਿਸ਼ਰਾ ਨੂੰ ਸ਼ਨੀਵਾਰ ਨੂੰ ਕਰੀਬ 12 ਘੰਟੇ ਦੀ ਪੁੱਛ-ਗਿੱਛ ਤੋਂ ਬਾਅਦ ਗਿ੍ਰਫ਼ਤਾਰ ਕਰ ਲਿਆ ਗਿਆ ਅਤੇ ਅੱਧੀ ਰਾਤ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।

ਮਾਮਲੇ ਦੀ ਜਾਂਚ ਲਈ ਗਠਿਤ ਐੱਸ. ਆਈ. ਟੀ. ਦੀ ਅਗਵਾਈ ਕਰ ਰਹੇ ਡੀ. ਆਈ. ਜੀ. ਉਪੇਂਦਰ ਅਗਰਵਾਲ ਨੇ ਸ਼ਨੀਵਾਰ ਰਾਤ ਕਰੀਬ 11 ਵਜੇ ਆਸ਼ੀਸ਼ ਮਿਸ਼ਰਾ ਦੀ ਗਿ੍ਰਫ਼ਤਾਰੀ ਦੀ ਜਾਣਕਾਰੀ ਦਿੱਤੀ ਸੀ।

ਅਗਰਵਾਲ ਨੇ ਦੱਸਿਆ ਕਿ ਮਿਸ਼ਰਾ ਨੇ ਪੁਲਸ ਦੇ ਸਵਾਲਾਂ ਦਾ ਉੱਚਿਤ ਜਵਾਬ ਨਹੀਂ ਦਿੱਤੀ ਅਤੇ ਜਾਂਚ ’ਚ ਸਹਿਯੋਗ ਨਹੀਂ ਕੀਤਾ। ਉਹ ਸਾਰੀਆਂ ਸਹੀ ਗੱਲਾਂ ਨਹੀਂ ਦੱਸਣਾ ਚਾਹੁੰਦੇ, ਇਸ ਲਈ ਉਨ੍ਹਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ।