ਨਵੀਂ ਦਿੱਲੀ (ਦੇਵ ਇੰਦਰਜੀਤ ) : ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹੋਈ ਹਿੰਸਾ ਲਈ ਦਰਜ ਐੱਫਆਈਆਰਾਂ ਵਿੱਚ 37 ਕਿਸਾਨ ਆਗੂਆਂ ਨੂੰ ਨਾਮਜ਼ਦ ਕੀਤੇ ਜਾਣ ਤੋਂ ਇਕ ਦਿਨ ਮਗਰੋਂ ਦਿੱਲੀ ਪੁਲੀਸ ਨੇ 44 ਆਗੂਆਂ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਕਰ ਦਿੱਤੇ ਹਨ। ਇਹ ਨੋਟਿਸ ਆਮ ਕਰਕੇ ਮੁਲਜ਼ਮ ਨੂੰ ਮੁਲਕ ਛੱਡ ਕੇ ਭੱਜਣ ਤੋਂ ਰੋਕਣ ਲਈ ਜਾਰੀ ਕੀਤਾ ਜਾਂਦਾ ਹੈ। ਇਸ ਦੌਰਾਨ ਦਿੱਲੀ ਪੁਲੀਸ ਨੇ ਲਾਲ ਕਿਲੇ ਵਿੱਚ ਹੋਈ ਹਿੰਸਾ ਮਾਮਲੇ ਵਿੱਚ ਦੇਸ਼ਧ੍ਰੋਹ ਦਾ ਕੇਸ ਦਰਜ ਕਰ ਲਿਆ ਹੈ।
ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਆਈਪੀਸੀ ਦੀ ਧਾਰਾ 124ਏ (ਦੇਸ਼ਧ੍ਰੋਹ) ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲੀਸ ਨੇ ਲਾਲ ਕਿਲੇ ’ਚ ਧਾਰਮਿਕ ਝੰਡਾ ਝੁਲਾਉਣ ਦੇ ਮਾਮਲੇ ਵਿੱਚ ਦਰਜ ਐੈੱਫਆਈਆਰ ਵਿੱਚ ਅਦਾਕਾਰ ਦੀਪ ਸਿੱਧੂ ਤੇ ਗੈਂਗਸਟਰ ਤੋਂ ਸਮਾਜਿਕ ਕਾਰਕੁਨ ਬਣੇ ਲੱਖਾ ਸਿਧਾਣਾ ਦਾ ਨਾਮ ਸ਼ਾਮਲ ਕਰ ਲਿਆ।



