ਅੱਤਵਾਦੀ ਕਾਰਵਾਈਆਂ ਲਈ ਨਾ ਵਰਤੀ ਜਾਏ ਅਫ਼ਗਾਨਿਸਤਾਨ ਦੀ ਧਰਤੀ : ਭਾਰਤ

by vikramsehajpal

ਦਿੱਲੀ (ਦੇਵ ਇੰਦਰਜੀਤ) : ਅਫ਼ਗਾਨਿਸਤਾਨ ਦੀ ਸਥਿਤੀ ਨੂੰ 'ਬੇਹੱਦ ਨਾਜ਼ੁਕ' ਦੱਸਦਿਆਂ ਭਾਰਤ ਨੇ ਕਿਹਾ ਹੈ ਕਿ ਇਹ ਜ਼ਰੂਰੀ ਹੈ ਕਿ ਤਾਲਿਬਾਨ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਸਮੇਤ ਹੋਰ ਅੱਤਵਾਦੀ ਸੰਗਠਨਾਂ ਨੂੰ ਅਫ਼ਗਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਅੱਤਵਾਦੀ ਗਤੀਵਿਧੀਆਂ ਲਈ ਨਾ ਕਰਨ ਦੇਣ ਦੇ ਆਪਣੇ ਵਾਅਦੇ 'ਤੇ ਖਰਾ ਉਤਰੇ।

ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐੱਸ. ਤਿਰੂਮੂਰਤੀ ਨੇ ਵੀਰਵਾਰ ਨੂੰ ਅਫ਼ਗਾਨਿਸਤਾਨ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਇਕ ਚਰਚਾ ਵਿਚ ਕਿਹਾ ਕਿ ਅਫ਼ਗਾਨਿਸਤਾਨ ਦਾ ਗੁਆਂਢੀ ਹੋਣ ਦੇ ਨਾਤੇ ਭਾਰਤ ਨੂੰ ਪਿਛਲੇ ਮਹੀਨੇ 15 ਮੈਂਬਰੀ ਸੁਰੱਖਿਆ ਪ੍ਰੀਸ਼ਦ ਦੀ ਆਪਣੀ ਪ੍ਰਧਾਨਗੀ ਦੌਰਾਨ ਪ੍ਰੀਸ਼ਦ ਵਿਚ ਠੋਸ ਅਤੇ ਦੂਰਦਰਸ਼ੀ ਪ੍ਰਸਤਾਵ ਪਾਸ ਕਰਨ ਦਾ ਮੌਕਾ ਮਿਲਿਆ।

ਤਿਰੂਮੂਰਤੀ ਨੇ ਕਿਹਾ, 'ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਅਫ਼ਗਾਨ ਖ਼ੇਤਰ ਦੀ ਵਰਤੋਂ ਕਿਸੇ ਵੀ ਦੇਸ਼ ਨੂੰ ਧਮਕੀ ਦੇਣ ਜਾਂ ਹਮਲਾ ਕਰਨ ਜਾਂ ਅੱਤਵਾਦੀਆਂ ਨੂੰ ਪਨਾਹ ਦੇਣ ਜਾਂ ਸਿਖਲਾਈ ਦੇਣ ਜਾਂ ਵਿੱਤ ਦੇਣ ਲਈ ਨਹੀਂ ਹੋਣੀ ਚਾਹੀਦੀ। ਜਿਵੇਂ ਕਿ ਪਿਛਲੇ ਮਹੀਨੇ ਕਾਬੁਲ ਹਵਾਈ ਅੱਡੇ 'ਤੇ ਹੋਏ ਅੱਤਵਾਦੀ ਹਮਲੇ ਵਿਚ ਵੇਖਿਆ ਗਿਆ ਤਾਂ ਅੱਤਵਾਦ ਅਫ਼ਗਾਨਿਸਤਾਨ ਲਈ ਇਕ ਗੰਭੀਰ ਖ਼ਤਰਾ ਬਣਿਆ ਹੋਇਆ ਹੈ।

ਇਸ ਲਈ, ਇਹ ਮਹੱਤਵਪੂਰਨ ਹੈ ਕਿ ਇਸ ਸਬੰਧ ਵਿਚ ਕੀਤੀਆਂ ਗਈਆਂ ਵਚਨਬੱਧਤਾਵਾਂ ਦਾ ਸਨਮਾਨ ਕੀਤਾ ਜਾਵੇ ਅਤੇ ਉਨ੍ਹਾਂ ਦੀ ਪਾਲਣਾ ਕੀਤੀ ਜਾਵੇ।' ਸੁਰੱਖਿਆ ਪ੍ਰੀਸ਼ਦ ਦੇ 1267 ਪ੍ਰਸਤਾਵ ਦੇ ਤਹਿਤ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਨਾਲ ਹੀ ਹੱਕਾਨੀ ਨੈੱਟਵਰਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹੈ। ਜੈਸ਼ ਦੇ ਸੰਸਥਾਪਕ ਮਸੂਦ ਅਜ਼ਹਰ ਅਤੇ ਲਸ਼ਕਰ ਦਾ ਨੇਤਾ ਹਾਫਿਜ਼ ਸਈਦ ਵੀ ਗਲੋਬਲ ਅੱਤਵਾਦੀਆਂ ਦੀ ਸੂਚੀ ਵਿਚ ਸ਼ਾਮਲ ਹਨ।

ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਨ 2593 ਵਿਚ ਤਾਲਿਬਾਨ ਦੇ ਉਸ ਬਿਆਨ 'ਤੇ ਧਿਆਨ ਦਿੱਤਾ ਗਿਆ ਹੈ ਕਿ ਅਫ਼ਗਾਨ ਨਾਗਰਿਕ ਬਿਨਾਂ ਕਿਸੇ ਰੁਕਾਵਟ ਦੇ ਵਿਦੇਸ਼ ਯਾਤਰਾ ਕਰ ਸਕਣਗੇ। ਤਿਰੂਮੂਰਤੀ ਨੇ ਕਿਹਾ, 'ਅਸੀਂ ਉਮੀਦ ਕਰਦੇ ਹਾਂ ਕਿ ਅਫਗਾਨਾਂ ਅਤੇ ਅਫ਼ਗਾਨਿਸਤਾਨ ਤੋਂ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਸਮੇਤ ਇਨ੍ਹਾਂ ਸਾਰੀਆਂ ਵਚਨਬੱਧਤਾਵਾਂ ਦੀ ਪਾਲਣਾ ਕੀਤੀ ਜਾਵੇਗੀ।'

'ਅਫ਼ਗਾਨਿਸਤਾਨ ਦੀ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ। ਅਫ਼ਗਾਨਿਸਤਾਨ ਦੇ ਨਜ਼ਦੀਕੀ ਗੁਆਂਢੀ ਅਤੇ ਉਸ ਦੇ ਲੋਕਾਂ ਦਾ ਦੋਸਤ ਹੋਣ ਦੇ ਨਾਤੇ ਮੌਜੂਦਾ ਸਥਿਤੀ ਦਾ ਸਾਡੇ ਨਾਲ ਸਿੱਧਾ ਸੰਬੰਧ ਹੈ।' ਉਨ੍ਹਾਂ ਕਿਹਾ ਕਿ ਅਫ਼ਗਾਨ ਲੋਕਾਂ ਦੇ ਭਵਿੱਖ ਦੇ ਨਾਲ ਹੀ ਪਿਛਲੇ 2 ਦਹਾਕਿਆਂ ਤੋਂ ਹਾਸਲ ਕੀਤੀ ਗਈ ਬੜ੍ਹਤ ਦੇ ਬਣੇ ਰਹਿਣ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ।

ਉਨ੍ਹਾਂ ਕਿਹਾ, 'ਇਸ ਸੰਦਰਭ ਵਿਚ ਸਾਡਾ ਮੰਨਣਾ ਹੈ ਕਿ ਅਫ਼ਗਾਨ ਔਰਤਾਂ ਦੀ ਆਵਾਜ਼ ਸੁਣੀ ਜਾਏ, ਅਫ਼ਗਾਨ ਬੱਚਿਆਂ ਦੀਆਂ ਇੱਛਾਵਾਂ ਪੂਰੀਆਂ ਕੀਤੀਆਂ ਜਾਣ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਏ। ਅਸੀਂ ਸੰਯੁਕਤ ਰਾਸ਼ਟਰ ਅਤੇ ਇਸ ਸਬੰਧ ਵਿੱਚ ਹੋਰ ਏਜੰਸੀਆਂ ਨੂੰ ਤੁਰੰਤ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਅਤੇ ਬਿਨਾਂ ਕਿਸੇ ਰੁਕਾਵਟ ਦੇ ਲੋਕਾਂ ਤੱਕ ਪਹੁੰਚ ਕਰਨ ਦੀ ਅਪੀਲ ਕਰਦੇ ਹਾਂ।'

ਭਾਰਤੀ ਰਾਜਦੂਤ ਨੇ ਕਿਹਾ ਕਿ ਅਫ਼ਗਾਨਿਸਤਾਨ ਨੇ ਹਾਲ ਦੇ ਸਾਲਾਂ ਵਿਚ ਬਹੁਤ ਖ਼ੂਨ-ਖ਼ਰਾਬਾ ਦੇਖਿਆ ਹੈ। ਉਨ੍ਹਾਂ ਕਿਹਾ ਕਿ ਭਾਰਤ 'ਅੰਤਰਰਾਸ਼ਟਰੀ ਭਾਈਚਾਰੇ ਨੂੰ ਇਕੱਠੇ ਅੱਗੇ ਆਉਣ, ਨਿੱਜੀ ਹਿੱਤਾਂ ਤੋਂ ਉੱਪਰ ਉੱਠਣ ਅਤੇ ਦੇਸ਼ ਵਿਚ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਦੇ ਮੱਦੇਨਜ਼ਰ ਅਫ਼ਗਾਨਿਸਤਾਨ ਦੇ ਲੋਕਾਂ ਦੇ ਨਾਲ ਖੜ੍ਹੇ ਹੋਣ ਦਾ ਸੱਦਾ ਦਿੰਦਾ ਹੈ। ਸਾਨੂੰ ਇਹ ਯਕੀਨੀ ਕਰਨ ਦੀ ਜ਼ਰੂਰਤ ਹੈ ਕਿ ਔਰਤਾਂ, ਬੱਚਿਆਂ ਅਤੇ ਘੱਟ ਗਿਣਤੀਆਂ ਸਮੇਤ ਸਾਰੇ ਅਫ਼ਗਾਨ ਨਾਗਰਿਕ ਸ਼ਾਂਤੀ ਅਤੇ ਸਨਮਾਨ ਨਾਲ ਰਹਿਣ।

' ਤਿਰੂਮੂਰਤੀ ਨੇ ਕਿਹਾ ਕਿ ਭਾਰਤ, ਅਫ਼ਗਾਨਿਸਤਾਨ ਵਿਚ ਇਕ ਸਮਾਵੇਸ਼ੀ ਸਰਕਾਰ ਦੀ ਮੰਗ ਕਰਦਾ ਹੈ, ਜਿਸ ਵਿਚ ਅਫ਼ਗਾਨ ਸਮਾਜ ਦੇ ਸਾਰੇ ਵਰਗਾਂ ਦੀ ਨੁਮਾਇੰਦਗੀ ਹੋਵੇ। ਸੁਰੱਖਿਆ ਪਰਿਸ਼ਦ ਨੂੰ ਸੰਬੋਧਿਤ ਕਰਦੇ ਹੋਏ ਅਫ਼ਗਾਨਿਸਤਾਨ ਲਈ ਜਨਰਲ ਸਕੱਤਰ ਦੀ ਵਿਸ਼ੇਸ਼ ਪ੍ਰਤੀਨਿਧੀ ਡੇਬਰਾ ਲਿਓਨਸ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚ ਨਵੀਂ ਹਕੀਕਤ ਇਹ ਹੈ ਕਿ ਲੱਖਾਂ ਅਫ਼ਗਾਨ ਨਾਗਰਿਕਾਂ ਦੀ ਜ਼ਿੰਦਗੀ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਤਾਲਿਬਾਨ ਕਿਵੇਂ ਰਾਜ ਕਰਦਾ ਹੈ।