ਤਰਨਤਾਰਨ (ਰਾਘਵ): ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਬੀ. ਐੱਸ. ਐੱਫ. ਵੱਲੋਂ ਇਕ ਪੈਕਟ ਹੈਰੋਇਨ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੀ ਤਲਾਸ਼ੀ ਲੈਣ ਦੌਰਾਨ ਉਸ ’ਚੋਂ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਥਾਣਾ ਖੇਮਕਰਨ ਦੀ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਬੀ. ਐੱਸ. ਐੱਫ. ਦੇ ਇਕ ਅਧਿਕਾਰੀ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਜ਼ਿਲ੍ਹਾ ਤਰਨਤਰਨ ਦੀ ਭਾਰਤ-ਪਾਕਿਸਤਾਨ ਸਰਹੱਦ ਅਧੀਨ ਆਉਂਦੀ ਸਰਹੱਦ ਮਹਿੰਦੀਪੁਰ ਵਿਖੇ ਖੇਤਾਂ ’ਚ ਡਿੱਗੇ ਹੋਏ ਇਕ ਪੀਲੇ ਰੰਗ ਦੇ ਪੈਕਟ ਨੂੰ ਬੀ. ਐੱਸ. ਐੱਫ. ਵੱਲੋਂ ਬਰਾਮਦ ਕੀਤਾ ਗਿਆ, ਜਿਸ ਦੀ ਤਲਾਸ਼ੀ ਲੈਣ ਦੌਰਾਨ ਉਸ ’ਚੋਂ 3 ਕਿਲੋ 360 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਹ ਹੈਰੋਇਨ ਦੀ ਖੇਪ ਪਾਕਿਸਤਾਨ ਵੱਲੋਂ ਡਰੋਨ ਦੀ ਮਦਦ ਨਾਲ ਭਾਰਤ ਪੁੱਜੀ ਸੀ, ਜਿਸ ਦੇ ਸੰਬੰਧ ’ਚ ਥਾਣਾ ਖੇਮਕਰਨ ਦੀ ਪੁਲਸ ਵੱਲੋਂ ਅਣਪਛਾਤੇ ਸਮੱਗਲਰਾਂ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 15 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।
