ਟਿਕਰੀ ਬਾਰਡਰ ਤੋਂ ਮਿਲੀ ਕਿਸਾਨ ਦੀ ਸਿਰ ਵੱਡੀ ਲਾਸ਼

by vikramsehajpal

ਟਿਕਰੀ,(ਦੇਵ ਇੰਦਰਜੀਤ) :ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਮੋਰਚੇ ’ਚ ਸ਼ਾਮਿਲ ਪਿੰਡ ਬੱਲੋ, ਬਠਿੰਡਾ, ਦੇ ਕਿਸਾਨ ਹਾਕਮ ਸਿੰਘ ਦੀ ਟਿਕਰੀ ਬਾਰਡਰ ’ਤੇ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ। ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਕਿਸਾਨ ਦਾ ਅੱਧਾ ਸਿਰ ਵੱਢਿਆ ਹੋਣ ਕਾਰਨ ਕਤਲ ਦਾ ਸ਼ੱਕ ਵੀ ਪ੍ਰਗਟਾਇਆ ਜਾ ਰਿਹਾ ਹੈ।

ਵੇਰਵਿਆਂ ਮੁਤਾਬਿਕ ਅੱਜ ਭਾਰਤੀ ਕਿਸਾਨ ਯੂਨੀਅਨ, ਸਿੱਧੂਪੁਰ, ਦੇ ਕਾਰਕੁਨ ਇਸ ਕਿਸਾਨ ਦੀ ਬਹਾਦਰਗੜ (ਟਿਕਰੀ ਬਾਰਡਰ) ਉਪਰ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ। ਮ੍ਰਿਤਕ ਦਾ ਸਿਰ ਕਿਸੇ ਤੇਜ਼ਧਾਰ ਚੀਜ਼ ਨਾਲ ਵੱਢਿਆ ਹੋਇਆ ਸੀ ਜਿਸ ਤੋਂ ਕਤਲ ਦਾ ਸ਼ੱਕ ਵੀ ਜਤਾਇਆ ਜਾ ਰਿਹਾ ਹੈ।

ਪਿੰਡ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਕਿਸਾਨ ਹਾਕਮ ਸਿੰਘ (60), ਪੁੱਤਰ ਛੋਟਾ ਸਿੰਘ, ਵਾਸੀ ਪਿੰਡ ਬੱਲੋ, ਦਾ ਰਹਿਣ ਵਾਲਾ ਸੀ ਜਿਸਦਾ ਕਥਿਤ ਤੌਰ ’ਤੇ ਗਲਾ ਅਤੇ ਸਿਰ ਵੱਢ ਕੇ ਕਤਲ ਕਰ ਦਿੱਤਾ ਗਿਆ।
ਇਸ ਮੌਕੇ ਪਿੰਡ ਦੇ ਸਰਪੰਚ ਸੂਬਾ ਸਿੰਘ ਅਤੇ ਡਾਕਟਰ ਮੱਖਣ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਕਤ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।

ਭਾਕਿਯੂ ਸਿੱਧੂਪੁਰ ਦੇ ਸੂਬਾ ਆਗੂ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਹਾਕਮ ਸਿੰਘ ਦੀ ਦੇਹ ਬਹਾਦਰਗੜ ਵਿਖੇ ਨਵੇਂ ਬਣ ਰਹੇ ਬੱਸ ਅੱਡੇ ਦੇ ਪਿੱਛਿਓਂ ਮਿਲੀ ਹੈ। ਉਨਾਂ ਦੱਸਿਆ ਕਿ ਹਾਕਮ ਸਿੰਘ ਦਾ ਅੱਧਾ ਸਿਰ ਵੱਢਿਆ ਹੋਇਆ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰ ਦਿੱਲੀ ਲਈ ਰਵਾਨਾ ਹੋ ਗਏ ਹਨ। ਹਾਕਮ ਸਿੰਘ ਦੀ ਦੇਹ ਨੂੰ ਬਹਾਦਰਗੜ ਦੇ ਸਿਵਲ ਹਸਪਤਾਲ ’ਚ ਰੱਖਿਆ ਗਿਆ ਹੈ।