ਚੰਡੀਗੜ੍ਹ (ਪਾਇਲ): ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਅੱਜ ਤੀਜੇ ਦਿਨ ਵੀ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਲਾਈਫ ਸਪੋਰਟ 'ਤੇ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਸ ਦਾ ਇਲਾਜ ਨਿਊਰੋਸਰਜਰੀ ਅਤੇ ਕ੍ਰਿਟੀਕਲ ਕੇਅਰ ਡਾਕਟਰਾਂ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ। ਬੀਤੇ ਦਿਨ ਸੀਐਮ ਭਗਵੰਤ ਮਾਨ ਸਮੇਤ ਕਈ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹਾਲਚਾਲ ਪੁੱਛਣ ਹਸਪਤਾਲ ਪਹੁੰਚੇ ਸਨ। ਸਾਰੇ ਪ੍ਰਸ਼ੰਸਕ ਉਸ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ ।
ਦੱਸ ਦਈਏ ਕਿ ਇਹ ਹਾਦਸਾ ਹਾਲ ਹੀ 'ਚ ਉਸ ਸਮੇਂ ਵਾਪਰਿਆ ਜਦੋਂ ਰਾਜਵੀਰ ਆਪਣੇ ਚਾਰ ਦੋਸਤਾਂ ਨਾਲ ਬੱਦੀ ਤੋਂ ਸ਼ਿਮਲਾ ਬਾਈਕ 'ਤੇ ਜਾ ਰਹੇ ਸਨ ਤਾਂ ਰਸਤੇ 'ਚ ਅਚਾਨਕ ਕਿਸੇ ਜਾਨਵਰ ਦੇ ਆਉਣ ਕਾਰਨ ਬਾਈਕ ਬੇਕਾਬੂ ਹੋ ਗਈ । ਹਾਦਸੇ 'ਚ ਉਸ ਦੇ ਸਿਰ ਅਤੇ ਰੀੜ੍ਹ ਦੀ ਹੱਡੀ 'ਤੇ ਗੰਭੀਰ ਸੱਟਾਂ ਲੱਗੀਆਂ ਅਤੇ ਹਸਪਤਾਲ ਲਿਆਉਣ ਤੋਂ ਪਹਿਲਾਂ ਉਸ ਨੂੰ ਦਿਲ ਦਾ ਦੌਰਾ ਵੀ ਪਿਆ।



