ਲਾਰੈਂਸ ਬਿਸ਼ਨੋਈ ਗੈਂਗ ਨੂੰ ਹਥਿਆਰ ਤੇ ਲਗਜ਼ਰੀ ਗੱਡੀਆਂ ਸਪਲਾਈ ਕਰਨ ਵਾਲਾ ਗਿਰੋਹ ਗ੍ਰਿਫਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਪੁਲਿਸ ਦੀ STF ਟੀਮ ਨੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਵਾਹਨ ਚੋਰ ਮਨੋਜ ਬਕਰਵਾਲ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮੁਲਜ਼ਮ ਲਾਰੈਂਸ ਬਿਸ਼ਨੋਈ ਗਰੋਹ ਨੂੰ ਹਥਿਆਰ ਤੇ ਵਾਹਨ ਸਪਲਾਈ ਕਰਦਾ ਸੀ। ਹੁਣ ਤੱਕ ਇਹ ਗਿਰੋਹ 300 ਤੋਂ ਵੱਧ ਲਗਜ਼ਰੀ ਕਾਰਾਂ ਚੋਰੀ ਕਰ ਚੁੱਕਾ ਹੈ। ਇਨ੍ਹਾਂ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਹੈ ਤੇ ਇਹ ਲੰਬੇ ਸਮੇਂ ਤੋਂ ਲਾਰੈਂਸ ਬਿਸ਼ਨੋਈ ਗੈਂਗ ਲਈ ਕੰਮ ਕਰਦੇ ਸਨ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਮਨੋਜ ਬਕਰਵਾਲ, ਸੰਜੇ, ਅਮਿਤ, ਵਿਜੇ ਅਤੇ ਪ੍ਰਕਾਸ਼ ਵਜੋਂ ਹੋਈ ਹੈ। ਲਾਰੈਂਸ ਬਿਸ਼ਨੋਈ ਦੇ ਕਹਿਣ 'ਤੇ ਗੱਡੀਆਂ ਦੀਆਂ ਨੰਬਰ ਪਲੇਟਾਂ ਤੇ ਇੰਜਣ ਨੰਬਰ ਬਦਲ ਕੇ ਆਪਣੇ ਗਰੋਹ ਦੇ ਮੈਂਬਰਾਂ ਨੂੰ ਇਹ ਗੱਡੀਆਂ ਮੁਹੱਈਆ ਕਰਵਾਉਂਦੇ ਸਨ

ਐਸਟੀਐਫ ਟੀਮ ਨੂੰ ਉਮੀਦ ਹੈ ਕਿ ਇਨ੍ਹਾਂ ਮੁਲਜ਼ਮਾਂ ਕੋਲੋਂ ਕੁਝ ਹੋਰ ਖੁਲਾਸੇ ਹੋਣਗੇ। ਦੱਸ ਦੇਈਏ ਕਿ ਮਨੋਜ ਬਕਰਵਾਲ ਗੁਰੂਗ੍ਰਾਮ ਪੁਲਿਸ ਦੀ ਗ੍ਰਿਫਤਾਰੀ ਤੋਂ ਪਹਿਲਾਂ ਹੀ ਫਰਾਰ ਹੋ ਗਿਆ ਹੈ। ਫਿਲਹਾਲ ਉਹ 10 ਸਾਲ ਦੀ ਸਜ਼ਾ ਕੱਟ ਕੇ ਜੇਲ੍ਹ ਤੋਂ ਬਾਹਰ ਆਇਆ ਹੈ।

ਇੱਕ ਵਾਰ ਫਿਰ ਉਸਨੇ ਅਪਰਾਧ ਦੀ ਦੁਨੀਆ 'ਚ ਕਦਮ ਰੱਖਿਆ ਤੇ ਲਾਰੈਂਸ ਬਿਸ਼ਨੋਈ ਨਾਲ ਜੁੜ ਗਿਆ। ਇਸ ਵਾਰ ਇਸ ਨੇ ਵਾਹਨ ਚੋਰੀ ਤੇ ਲਗਜ਼ਰੀ ਗੱਡੀਆਂ ਖੋਹਣ ਦਾ ਕੰਮ ਸ਼ੁਰੂ ਕੀਤਾ ਅਤੇ ਲਾਰੈਂਸ ਬਿਸ਼ਨੋਈ ਨੇ ਲਗਜ਼ਰੀ ਕਾਰ ਨੂੰ ਆਪਣੇ ਮੈਂਬਰਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਲਈ ਪਰ ਇਸ ਵਾਰ ਮੁਲਜ਼ਮ ਐਸਟੀਐਫ ਦੇ ਹੱਥੇ ਚੜ੍ਹ ਗਿਆ।

ਬਦਮਾਸ਼ਾਂ ਕੋਲੋਂ ਇਨੋਵਾ ਤੇ ਸਕਾਰਪੀਓ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਐਸਟੀਐਫ ਯੂਨਿਟ ਦੇ ਇੰਚਾਰਜ ਵਿਵੇਕ ਮਲਿਕ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਗਰੋਹ ਦਿੱਲੀ ਤੋਂ ਰੋਹਤਕ ਤੱਕ ਚੋਰੀ ਦੀਆਂ ਗੱਡੀਆਂ ਲੈ ਕੇ ਜਾਵੇਗਾ। ਇਸ ਸੂਚਨਾ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰ ਦਿੱਤੀ। ਇਸ ਦੌਰਾਨ ਦਿੱਲੀ ਵਾਲੇ ਪਾਸਿਓਂ ਯੂਪੀ ਨੰਬਰ ਦੀ ਇਨੋਵਾ ਤੇ ਗੁਜਰਾਤ ਨੰਬਰ ਸਕਾਰਪੀਓ ਗੱਡੀ ਆਉਂਦੀ ਦਿਖਾਈ ਦਿੱਤੀ।

ਐਸਟੀਐਫ ਦੇ ਮੁਲਾਜ਼ਮਾਂ ਨੇ ਦੋਵਾਂ ਵਾਹਨਾਂ ਨੂੰ ਰੋਕ ਲਿਆ। ਇਨੋਵਾ ਗੱਡੀ ਨੂੰ ਦਿੱਲੀ ਦੇ ਬੱਕਰਵਾਲਾ ਦਾ ਰਹਿਣ ਵਾਲਾ ਸੰਜੇ ਚਲਾ ਰਿਹਾ ਸੀ, ਜਦੋਂਕਿ ਉਸ ਦੇ ਨਾਲ ਬੱਕਰਵਾਲਾ ਦਾ ਮਨੋਜ ਬੈਠਾ ਸੀ। ਪੁਲੀਸ ਨੇ ਜਦੋਂ ਦੋਵਾਂ ਵਾਹਨਾਂ ਦੇ ਕਾਗਜ਼ਾਤ ਮੰਗੇ ਤਾਂ ਕੋਈ ਦਸਤਾਵੇਜ਼ ਨਹੀਂ ਮਿਲਿਆ।