ਲਾਰੈਂਸ ਬਿਸ਼ਨੋਈ ਗੈਂਗ ਨੂੰ ਲੱਗਾ ਵੱਡਾ ਝਟਕਾ: ਅਮਰੀਕਾ ਤੋਂ ਡਿਪੋਰਟ ਹੋਕੇ ਦਿੱਲੀ ਏਅਰਪੋਰਟ ‘ਤੇ ਗੈਂਗਸਟਰ ਲਖਵਿੰਦਰ ਹੋਇਆ ਗ੍ਰਿਫਤਾਰ!
ਨਵੀਂ ਦਿੱਲੀ (ਪਾਇਲ): ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਭਗੌੜੇ ਗੈਂਗਸਟਰ ਲਖਵਿੰਦਰ ਕੁਮਾਰ ਨੂੰ ਅਮਰੀਕਾ ਤੋਂ ਡਿਪੋਰਟ ਕਰ ਕੇ ਭਾਰਤ ਲਿਆਂਦਾ ਗਿਆ ਹੈ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨਾਲ ਕੀਤੀ ਗਈ ਇਸ ਕਾਰਵਾਈ ਵਿੱਚ ਲਖਵਿੰਦਰ ਕੁਮਾਰ ਨੂੰ ਸ਼ਨੀਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਦੇ ਹੀ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ।
ਸੀਬੀਆਈ ਦੇ ਬੁਲਾਰੇ ਅਨੁਸਾਰ ਲਖਵਿੰਦਰ ਕੁਮਾਰ ਖ਼ਿਲਾਫ਼ ਇੰਟਰਪੋਲ ਵੱਲੋਂ ਰੈੱਡ ਨੋਟਿਸ ਜਾਰੀ ਕੀਤਾ ਗਿਆ ਸੀ। ਉਹ ਹਰਿਆਣਾ ਪੁਲਿਸ ਨੂੰ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ, ਜਿਸ ਵਿੱਚ ਜਬਰੀ ਵਸੂਲੀ, ਧਮਕਾਉਣ, ਗੈਰ-ਕਾਨੂੰਨੀ ਹਥਿਆਰ ਰੱਖਣ ਅਤੇ ਕਤਲ ਦੀ ਕੋਸ਼ਿਸ਼ ਵਰਗੇ ਗੰਭੀਰ ਦੋਸ਼ ਸ਼ਾਮਲ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੂੰ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਅਗਲੀ ਕਾਰਵਾਈ ਲਈ ਹਰਿਆਣਾ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ।



