ਝੂਠੇ ਮੁਕੱਦਮਿਆਂ ਨੂੰ ਰੱਦ ਕਰਵਾਉਣ ਲਈ ਵਕੀਲਾਂ ਨੇ ਕੀਤੀ ਹੜਤਾਲ, ਬੁਢਲਾਡਾ ਰਿਹਾ ਬੰਦ

by vikramsehajpal

ਬੁਢਲਾਡਾ (ਕਰਨ)- ਨਗਰ ਕੋੋਸਲ ਦੇ ਕਾਰਜਸਾਧਕ ਅਫਸਰ ਵੱਲੋਂ ਸ਼ਹਿਰ ਦੇ ੩ ਵਕੀਲਾਂ ਖਿਲਾਫ ਕਰਵਾਏ ਗਏ ਝੂਠੇ ਮੁਕੱਦਮਿਆਂ ਨੂੰ ਰੱਦ ਕਰਵਾਉਣ ਲਈ ਰੋਸ ਵਜੋਂ ਦਿੱਤੇ ਬੰਦ ਦੇ ਸੱਦੇ ਤੇ ਸ਼ਹਿਰ ਮੁਕੰਮਲ ਬੰਦ ਰਿਹਾ ਉੱਥੇ ਬਾਰ ਕੋਸਲ ਵੱਲੋਂ ਵੀ ਬੰਦ ਦਾ ਸਮਰਥਨ ਕਰਦਿਆਂ ਕੋਰਟ ਵਿੱਚ ਇੱਕ ਦਿਨਾਂ ਹੜਤਾਲ ਰੱਖੀ। ਇਸ ਮੌਕੇ ਸ਼ਹਿਰ ਦੇ ਲੋਕਾਂ ਵੱਲੋਂ ਥਾਣਾ ਸਿਟੀ ਦੇ ਮੁੱਖ ਗੇਟ ਤੇ ਧਰਨਾ ਦੇ ਕੇ ਨਗਰ ਕੋਸਲ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀ ਸ਼ਹਿਰ ਦੇ ਲੋਕਾਂ ਨੇ ਬਜਾਰਾਂ ਵਿੱਚ ਰੋਸ ਮੁਜ਼ਾਹਰਾ ਕੀਤਾ ਅਤੇ ਪੁਲਿਸ ਪ੍ਰਸ਼ਾਸਨ ਸਮੇਤ ਕਾਰਜਸਾਧਕ ਅਫਸਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ।

ਸਿਟੀ ਥਾਣੇ ਅੱਗੇ ਧਰਨੇ ਮੌਕੇ ਜੁੜੇ ਇਕੱਠ ਨੂੰ ਪ੍ਰਿੰਸੀਪਲ ਬੁੱਧ ਰਾਮ ਹਲਕਾ ਵਿਧਾਇਕ, ਕਾ ਹਰਦੇਵ ਸਿੰਘ ਅਰਸ਼ੀ ਸਾਬਕਾ ਵਿਧਾਇਕ, ਆੜਤੀਆ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਪ੍ਰੇਮ ਸਿੰਘ ਦੋਦੜਾ, ਨਗਰ ਸੁਧਾਰ ਸਭਾ ਦੇ ਜਨਰਲ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਜਿਲ੍ਹਾ ਸਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਸ਼ਤੀਸ਼ ਸਿੰਗਲਾ, ਲੀਗਲ ਸੈੱਲ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਰਣਦੀਪ ਸ਼ਰਮਾ, ਸੁਭਾਸ਼ ਚੰਦ ਨਾਗਪਾਲ, ਰਾਕੇਸ਼ ਘੱਤੂ, ਨੌਜਵਾਨ ਆਗੂ ਵਿਸ਼ਾਲ ਰਿਸ਼ੀ ਅਤੇ ਹਰਵਿੰਦਰ ਨੀਟੂ ਬੱਛੋਆਣਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਸ਼ਹਿਰ ਦੇ ਵਿਕਾਸ ਦੀ ਆੜ ਵਿੱਚ ਲੋਕਾਂ ਦੀ ਜੁਬਾਨ ਬੰਦ ਕੀਤੀ ਜਾ ਰਹੀ ਹੈ। ਸ਼ਹਿਰ ਨੂੰ ਅਰਸਾ ਕਰੀਬ ਇੱਕ ਸਾਲ ਤੋਂ ਪੁੱਟ ਕੇ ਸੁੱਟਿਆ ਹੋਇਆ ਹੈ ਪ੍ਰੰਤੂ ਵਿਕਾਸ ਕੰਮ ਹਾਲਾਂ ਕੋਈ ਤਣ ਪੱਤਣ ਨਹੀਂ ਲੱਗੇ ਨਾਹੀ ਭਵਿੱਖ ਵਿੱਚ ਉਮੀਦ ਦਿਖਾਈ ਦਿੰਦੀ ਹੈ। ਆਗੂਆਂ ਨੇ ਕਿਹਾ ਕਿ ਉਕਤ ਝੂਠੇ ਮੜੇ ਪਰਚੇ ਵਾਂਗ ਅਨੇਕਾਂ ਸ਼ਹਿਰ ਦੇ ਲੋਕਾਂ ਨੂੰ ਜਲੀਲ ਕੀਤਾ ਗਿਆ ਹੈ ਦੂਜੇ ਪਾਸੇ ਵਿਕਾਸ ਕਾਰਜਾਂ ਵਿੱਚ ਵਰਤਿਆ ਜਾ ਰਿਹਾ ਮਟੀਰੀਅਲ ਘੱਟ ਅਤੇ ਘਟੀਆ ਹੈ। ਸ਼ਹਿਰੀਆਂ ਦੁਆਰਾ ਇਤਰਾਜ਼ ਕਰਨ ਤੇ ਝੂਠਾ ਮੁਕੱਦਮਾ ਦਰਜ ਕਰਨ ਦੀ ਸ਼ਰੇਆਮ ਧਮਕੀ ਦਿੱਤੀ ਜਾਂਦੀ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਵਕੀਲ ਅਸ਼ੋਕ ਕੁਮਾਰ ਅਤੇ ਉਨ੍ਹਾਂ ਦੇ ਪੁੱਤਰਾਂ ਤੇ ਦਰਜ ਝੂਠਾ ਮੁਕੱਦਮਾ ਰੱਦ ਕੀਤਾ ਜਾਵੇ। ਕਾਰਜਸਾਧਕ ਅਫਸਰ ਨਗਰ ਕੌਂਸਲ ਬੁਢਲਾਡਾ ਨੂੰ ਨੋਕਰੀ ਤੋਂ ਬਰਖਾਸਤ ਕਰਕੇ ਉਸ ਵੱਲੋਂ ਬਣਾਈ ਕਰੋੜਾਂ ਰੁਪਿਆ ਦੀ ਨਾਮੀ-ਬੇਨਾਮੀ ਜਾਇਦਾਦ ਦੀ ਵਿਜੀਲੈਂਸ ਜਾਂ ਕਿਸੇ ਉੱਚ ਪੱਧਰੀ ਏਜੰਸੀ ਤੋਂ ਜਾਂਚ ਕਰਵਾਈ ਜਾਵੇ।

ਅੱਜ ਦੇ ਧਰਨੇ ਮੌਕੇ ਆ ਕੇ ਡੀ ਐਸ ਪੀ ਬੁਢਲਾਡਾ ਮੈਡਮ ਪ੍ਰਭਜੋਤ ਕੌਰ ਨੇ ਐਸ ਐਸ ਪੀ ਮਾਨਸਾ ਦੇ ਨਾਂਅ ਦਿੱਤਾ ਮੰਗ ਪੱਤਰ ਲਿਆ ਅਤੇ ਇੰਨਸਾਫ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਵਕੀਲ ਪਰਿਵਾਰ ਨੂੰ ਪੁਲਿਸ ਵੱਲੋਂ ਕੋਈ ਦਿੱਕਤ ਨਹੀਂ ਆਵੇਗੀ। ਇਸ ਮੌਕੇ ਤੇ ਧਰਨਾਕਾਰੀਆਂ ਨੇ ਪੁਲਿਸ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਦੋ ਦਿਨਾਂ ਲਈ ਸੰਘਰਸ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।