ਨਿਊਜ਼ ਡੈਸਕ (ਜਸਕਮਲ) : ਨਿਊਜ਼ੀਲੈਂਡ ਨੇ ਦੇਸ਼ ਦੇ ਭਵਿੱਖ ਨੂੰ ਸਿਗਰਟਨੋਸ਼ੀ ਦੀ ਲਤ ਤੋਂ ਬਚਾਉਣ ਲਈ ਇਕ ਯੋਜਨਾ ਤਿਆਰ ਕੀਤੀ ਹੈ। ਸਰਕਾਰ 14 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਨੌਜਵਾਨਾਂ ਵੱਲੋਂ ਸਿਗਰਟ ਖਰੀਦਣ 'ਤੇ ਪਾਬੰਦੀ ਲਾਉਣ ਲਈ ਕਾਨੂੰਨ ਲਿਆਉਣ ਜਾ ਰਹੀ ਹੈ। ਇਹ ਕਾਨੂੰਨ ਅਗਲੇ ਸਾਲ ਤਕ ਲਾਗੂ ਹੋ ਸਕਦਾ ਹੈ। ਕਾਨੂੰਨ ਤਹਿਤ ਸਿਗਰਟ ਖਰੀਦਣ ਦੀ ਘੱਟੋ-ਘੱਟ ਉਮਰ ਵੀ ਸਾਲ ਦਰ ਸਾਲ ਵਧਦੀ ਰਹੇਗੀ।
ਸਰਕਾਰ ਦਾ ਤਰਕ ਹੈ ਕਿ ਕਾਨੂੰਨ ਦੇ ਲਾਗੂ ਹੋਣ ਦੇ 65 ਸਾਲ ਬਾਅਦ ਦੁਕਾਨਦਾਰ 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੀ ਸਿਗਰਟ ਵੇਚ ਸਕਣਗੇ। ਸਰਕਾਰ ਨੇ 2025 ਤਕ ਦੇਸ਼ 'ਚ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਗਿਣਤੀ ਨੂੰ ਪੰਜ ਫੀਸਦੀ ਤਕ ਘਟਾਉਣ ਦਾ ਵੀ ਟੀਚਾ ਰੱਖਿਆ ਹੈ। ਸਰਕਾਰ ਨੇ ਕਿਹਾ ਕਿ ਸਿਗਰਟਨੋਸ਼ੀ ਨੂੰ ਘਟਾਉਣ ਦੇ ਹੋਰ ਯਤਨਾਂ 'ਚ ਬਹੁਤ ਸਮਾਂ ਲੱਗ ਰਿਹਾ ਹੈ। ਸਰਕਾਰ ਦਾ ਟੀਚਾ ਹੈ ਕਿ ਵੇਚੇ ਜਾਣ ਵਾਲੇ ਸਾਰੇ ਉਤਪਾਦਾਂ ਤੇ ਤੰਬਾਕੂ 'ਚ ਨਿਕੋਟੀਨ ਦੇ ਪੱਧਰ ਨੂੰ ਘਟਾਉਣਾ ਹੈ।
ਨਿਊਜ਼ੀਲੈਂਡ ਦੀ ਐਸੋਸੀਏਟ ਮਨਿਸਟਰ ਆਫ਼ ਹੈਲਥ ਆਇਸ਼ਾ ਵੇਰਲ ਨੇ ਇਕ ਬਿਆਨ 'ਚ ਕਿਹਾ, "ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਨੌਜਵਾਨ ਕਦੇ ਵੀ ਸਿਗਰਟਨੋਸ਼ੀ ਨਾ ਕਰਨ। ਇਸ ਲਈ ਅਸੀਂ ਨੌਜਵਾਨਾਂ ਦੇ ਨਵੇਂ ਸਮੂਹਾਂ ਨੂੰ ਧੂੰਆਂ ਰਹਿਤ ਤੰਬਾਕੂ ਉਤਪਾਦ ਵੇਚਣਾ ਜਾਂ ਸਪਲਾਈ ਕਰਨਾ ਅਪਰਾਧ ਬਣਾ ਦੇਵਾਂਗੇ। ਇੱਥੋਂ ਦੀ ਸਰਕਾਰ ਮੁਤਾਬਕ ਇਕ ਦਹਾਕੇ 'ਚ ਸਿਗਰਟਨੋਸ਼ੀ ਦੀ ਦਰ 'ਚ ਕਮੀ ਆਈ ਹੈ। ਵਰਤਮਾਨ 'ਚ, ਨਿਊਜ਼ੀਲੈਂਡ 'ਚ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਤੰਬਾਕੂ ਦੀ ਵਿਕਰੀ 'ਤੇ ਪਾਬੰਦੀ ਹੈ।