ਜਲੰਧਰ: ਜੌਹਲ ਫਾਰਮ ਪਿੰਡ ਘੁੜਕਾ ਵਿਖੇ ਮਨਾਈ ਗਈ 5101 ਨਵ-ਜੰਮੀਆਂ ਧੀਆਂ ਦੀ ਲੋਹੜੀ

by jagjeetkaur

ਜਲੰਧਰ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਲੜਕੀਆਂ ਦੇ ਸਸ਼ਕਤੀਕਰਨ ’ਤੇ ਜ਼ੋਰ ਦਿੰਦਿਆਂ ਮਾਪਿਆਂ ਨੂੰ ਆਪਣੀਆਂ ਧੀਆਂ ਨੂੰ ਉਚੇਰੀ ਸਿੱਖਿਆ ਦਿਵਾਉਣ ਲਈ ਕਿਹਾ ਤਾਂ ਜੋ ਉਹ ਪੜ੍ਹ-ਲਿਖ ਕੇ ਆਤਮ ਨਿਰਭਰ ਬਣਨ ਦੇ ਨਾਲ-ਨਾਲ ਦੇਸ਼ ਦੇ ਆਰਥਿਕ-ਸਮਾਜਿਕ ਵਿਕਾਸ ਵਿੱਚ ਬਰਾਬਰ ਦੀਆਂ ਹਿੱਸੇਦਾਰ ਬਣ ਸਕਣ। ਇੱਕ ਸੰਸਥਾ ਵੱਲੋਂ ਪਿੰਡ ਘੁੜਕਾ ਵਿਖੇ 5101 ਲੜਕੀਆਂ ਦੀ ਲੋਹੜੀ ਮਨਾਉਣ ਸਬੰਧੀ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਕਿਸੇ ਵੀ ਦੇਸ਼ ਅਤੇ ਸੂਬੇ ਦੇ ਚਹੁੰਮੁਖੀ ਵਿਕਾਸ ਲਈ ਲੜਕੀਆਂ ਨੂੰ ਸਿੱਖਿਅਤ ਤੇ ਸਸ਼ਕਤ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ।

ਔਰਤਾਂ ਨੂੰ ਬਣਦਾ ਸਨਮਾਨ ਦੇਣ ਦਾ ਸੱਦਾ ਦਿੰਦਿਆਂ ਸ੍ਰੀ ਸੰਧਵਾਂ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਵੀ ਸਾਨੂੰ ਔਰਤ ਦਾ ਸਨਮਾਨ ਕਰਨਾ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਅੱਜ ਹਰ ਖੇਤਰ ਭਾਵੇਂ ਉਹ ਸਿੱਖਿਆ ਹੋਵੇ, ਖੇਡਾਂ ਹੋਣ, ਰਾਜਨੀਤੀ ਹੋਵੇ ਜਾਂ ਕੋਈ ਹੋਰ ਖੇਤਰ ਹੋਵੇ, ਕਿਸੇ ਵੀ ਖੇਤਰ ਵਿੱਚ ਮਰਦਾਂ ਨਾਲੋਂ ਘੱਟ ਨਹੀਂ ਹਨ ਸਗੋਂ ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਵੀ 12 ਮਹਿਲਾ ਵਿਧਾਇਕ ਚੁਣ ਕੇ ਆਈਆਂ ਹਨ।

ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਅਤੇ ਵਿਕਾਸ ਲਈ ਵਚਨਬੱਧ ਹੈ ਅਤੇ ਸਰਕਾਰ ਵੱਲੋਂ ਔਰਤਾਂ ਨੂੰ ਅੱਗੇ ਵਧਣ ਲਈ ਬਰਾਬਰੀ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਉਨ੍ਹਾਂ ਇਸ ਮੌਕੇ ਮਾਵਾਂ ਨੂੰ ਆਪਣੇ ਬੱਚਿਆਂ ਨੂੰ ਮਾਂ-ਬੋਲੀ ਨਾਲ ਜੋੜ ਕੇ ਰੱਖਣ ਲਈ ਵੀ ਪ੍ਰੇਰਿਤ ਕੀਤਾ।

ਇਸ ਉਪਰੰਤ ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਲੜਕੀਆਂ ਨੂੰ ਬਿਹਤਰੀਨ ਸਿੱਖਿਆ, ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਕੇ ਸਸ਼ਕਤ ਬਣਾਉਣਾ ਹੈ, ਜਿਸ ਦੇ ਲਈ ਸਰਕਾਰ ਵੱਲੋਂ ਲਗਾਤਾਰ ਸੰਜੀਦਾ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਇਸ ਮੌਕੇ ਔਰਤਾਂ ਨੂੰ ਨਸ਼ਿਆਂ ਖਿਲਾਫ਼ ਡਟਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਜੰਗ ਵਿੱਢੀ ਹੋਈ ਹੈ, ਜਿਸ ਵਿੱਚ ਔਰਤਾਂ ਨੂੰ ਅੱਗੇ ਵਧ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਐਨ.ਆਰ.ਆਈ. ਮਾਮਲੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਇਸ ਮੌਕੇ ਐਨ.ਜੀ.ਓ. ਨੂੰ ਆਪਣੇ ਅਖਤਿਆਰੀ ਫੰਡ ਵਿੱਚੋਂ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਗਿਆ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਐਨ.ਆਰ.ਆਈ. ਮਾਮਲੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋ 11 ਬੱਚੀਆਂ ਦਾ ਸਨਮਾਨ ਵੀ ਕੀਤਾ ਗਿਆ।

ਲੋਹੜੀ ਮੌਕੇ ਉਚੇਚੇ ਤੌਰ ਤੇ ਪਹੁੰਚੇ ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜ਼ਿੰਪਾ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਵਿਧਾਇਕ ਸ਼ੀਤਲ ਅੰਗੂਰਾਲ, ਚੇਅਰਮੈਨ ਪੰਜਾਬ ਐਗਰੋ ਮੰਗਲ ਸਿੰਘ, ਐਸ.ਡੀ.ਐਮ. ਅਮਨਪਾਲ ਸਿੰਘ, ਆਪ ਆਗੂ ਜੋਗਿੰਦਰ ਸਿੰਘ ਮਾਨ, ਪ੍ਰਿੰ. ਪ੍ਰੇਮ ਕੁਮਾਰ, ਦੀਪਕ ਬਾਲੀ, ਹਲਕਾ ਫਿਲੌਰ ਦੇ ਇੰਚਾਰਜ ਪ੍ਰਿੰਸਿਪਲ ਪ੍ਰੇਮ ਕੁਮਾਰ ਸ਼ਰਮਾ ਅਤੇ ਆਦਿ ਵੀ ਮੌਜੂਦ ਸਨ। ਇਸ ਮੌਕੇ ਗਾਇਕ ਮਨਮੋਹਣ ਵਾਰਸ, ਕਮਲ ਹੀਰ, ਸੰਗਤਾਰ, ਬਲਰਾਜ ਬਿਲਗਾ, ਫਿਰੋਜ਼ ਖਾਨ ਆਦਿ ਨੇ ਗੀਤਾਂ ਦੀ ਛਹਿਬਰ ਲਾਈ ਜਦਕਿ ਸੰਜੀਵਨ ਦੱਤ ਭਨੋਟ ਨੇ ਸਟੇਜ ਦੀ ਕਾਰਵਾਈ ਚਲਾਈ। ਐਨ.ਆਰ.ਆਈ ਪਿੰਦੂ ਜੌਹਲ ਵੱਲੋਂ ਹਰ ਸਾਲ ਇਹ ਉਪਰਾਲਾ ਕੀਤਾ ਜਾਂਦਾ ਹੈ।