144.50 ਰੁਪਏ ਮਹਿੰਗਾ ਹੋਇਆ ਰਸੋਈ ਸਿਲੰਡਰ

by

ਵੈੱਬ ਡੈਸਕ (Nri Media) : ਸੰਸਾਰ ਕੀਮਤਾਂ ਵਧਣ ਦਾ ਹਵਾਲਾ ਦੇ ਕੇ ਕੁਕਿੰਗ ਗੈਸ ਐੱਲ ਪੀ ਜੀ ਦੀ ਕੀਮਤ ਵਿਚ ਬੁੱਧਵਾਰ 144 ਰੁਪਏ 50 ਪੈਸੇ ਪ੍ਰਤੀ ਸਿਲੰਡਰ ਦਾ ਵਾਧਾ ਕਰ ਦਿੱਤਾ ਗਿਆ, ਪਰ ਸਰਕਾਰ ਨੇ ਘਰੇਲੂ ਖਪਤਕਾਰਾਂ ਦੀ ਸਬਸਿਡੀ ਵੀ ਲੱਗਭੱਗ ਦੁੱਗਣੀ ਕਰ ਦਿੱਤੀ ਹੈ। ਇਸ ਤਰ੍ਹਾਂ ਖਾਸ ਮਾਰ ਨਾ ਪੈਣ ਦੀ ਗੱਲ ਕਹੀ ਗਈ ਹੈ। ਸਰਕਾਰੀ ਤੇਲ ਫਰਮਾਂ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ 14.2 ਕਿਲੋ ਦਾ ਸਿਲੰਡਰ ਹੁਣ 714 ਰੁਪਏ ਦੀ ਥਾਂ 858 ਰੁਪਏ 50 ਪੈਸੇ ਦਾ ਮਿਲੇਗਾ। 

ਇਸ ਤੋਂ ਪਹਿਲਾਂ ਜਨਵਰੀ 2014 ਵਿਚ 220 ਰੁਪਏ ਦਾ ਭਾਰੀ ਵਾਧਾ ਕਰਕੇ ਸਿਲੰਡਰ 1241 ਰੁਪਏ ਦਾ ਕੀਤਾ ਗਿਆ ਸੀ। ਇੰਡਸਟਰੀ ਦੇ ਸੂਤਰਾਂ ਨੇ ਕਿਹਾ ਹੈ ਕਿ 14.2 ਕਿਲੋ ਦੇ ਸਾਲ ਵਿਚ 12 ਸਿਲੰਡਰਾਂ ਦੇ ਹੱਕਦਾਰ ਘਰੇਲੂ ਖਪਤਕਾਰਾਂ ਨੂੰ ਹੁਣ ਸਰਕਾਰ 153 ਰੁਪਏ 86 ਪੈਸੇ ਦੀ ਥਾਂ 291 ਰੁਪਏ 48 ਪੈਸੇ ਸਬਸਿਡੀ ਦੇਵੇਗੀ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਦੀ ਸਬਸਿਡੀ 174 ਰੁਪਏ 86 ਪੈਸੇ ਤੋਂ ਵਧਾ ਕੇ 312 ਰੁਪਏ 48 ਪੈਸੇ ਕਰ ਦਿੱਤੀ ਗਈ ਹੈ। 

ਬੈਂਕ ਖਾਤੇ ਵਿਚ ਸਬਸਿਡੀ ਆਉਣ 'ਤੇ 14.2 ਕਿਲੋ ਦਾ ਸਿਲੰਡਰ ਘਰੇਲੂ ਖਪਤਕਾਰਾਂ ਨੂੰ 567 ਰੁਪਏ 2 ਪੈਸੇ ਅਤੇ ਉੱਜਵਲਾ ਯੋਜਨਾ ਵਾਲਿਆਂ ਨੂੰ 546 ਰੁਪਏ 2 ਪੈਸੇ ਦਾ ਪਵੇਗਾ। ਸਰਕਾਰ ਨੇ ਉੱਜਵਲਾ ਯੋਜਨਾ ਵਿਚ 8 ਕਰੋੜ ਮੁਫਤ ਐੱਲ ਪੀ ਜੀ ਕੁਨੈਕਸ਼ਨ ਦਿੱਤੇ ਹਨ। ਆਮ ਤੌਰ 'ਤੇ ਸਿਲੰਡਰਾਂ ਦੇ ਰੇਟ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸੋਧੇ ਜਾਂਦੇ ਹਨ, ਹਰ ਵਾਰ ਰੇਟ ਸੋਧਣ ਨੂੰ ਲੱਗਭੱਗ ਦੋ ਹਫਤੇ ਇਸ ਕਰਕੇ ਲੱਗ ਗਏ ਕਿਉਂਕਿ ਏਨੀ ਵੱਡੀ ਸਬਸਿਡੀ ਬਾਰੇ ਸਰਕਾਰ ਦੀ ਮਨਜ਼ੂਰੀ ਲੈਣੀ ਪੈਣੀ ਸੀ। ਕੁਝ ਸੂਤਰਾਂ ਦਾ ਕਹਿਣਾ ਹੈ ਕਿ 8 ਫਰਵਰੀ ਦੀਆਂ ਦਿੱਲੀ ਅਸੰਬਲੀ ਚੋਣਾਂ ਕਾਰਨ ਰੇਟ ਵਧਾਉਣ ਦਾ ਐਲਾਨ ਲਟਕਾਇਆ ਗਿਆ।