ਲੁਧਿਆਣਾ ਦੀ ਕੁੜੀ ਨੇ ਕਿਸਾਨੀ ਸੰਘਰਸ਼ ਦੇ ਹੱਕ ’ਚ 15,000 ਫੁੱਟ ਤੋਂ ਮਾਰੀ ਛਾਲ

by vikramsehajpal

ਬ੍ਰਿਸਬੇਨ ((ਦੇਵ ਇੰਦਰਜੀਤ )- ਭਾਰਤ ਵਿਚ ਨਵੇਂ ਖੇਤੀ ਬਿੱਲਾਂ ਵਿਰੁੱਧ ਚੱਲ ਰਹੇ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੁੜਕਾ ਕਲਾਂ ਦੀ ਜੰਮਪਲ ਬਲਜੀਤ ਕੌਰ, ਜੋ ਮੈਲਬਰਨ ਵਿਚ ਅੰਤਰਰਾਸ਼ਟਰੀ ਵਿਦਿਆਰਥਣ ਹੈ, ਨੇ ਕਿਸਾਨੀ ਦੇ ਹੱਕ ’ਚ ਨਾਅਰੇ ਲਿਖੇ ਵਿਸ਼ੇਸ਼ ਵਸਤਰ ਪਹਿਨ ਕੇ ਸੇਂਟ ਕਿਲਡਾ ਨੇੜੇ 15,000 ਫੁੱਟ ਤੋਂ ਹਵਾਈ ਛਾਲ ਮਾਰ ਕੇ ਨਿਵੇਕਲੇ ਢੰਗ ਨਾਲ ਭਾਰਤ ਸਰਕਾਰ ਵਿਰੁਧ ਆਪਣਾ ਰੋਸ ਦਰਜ ਕਰਵਾਇਆ ਹੈ।

ਬਲਜੀਤ ਕੌਰ 2017 ਵਿੱਚ ਭਾਰਤ ਤੋਂ ਵਿਦਿਆਰਥੀ ਵੀਜ਼ੇ ’ਤੇ ਆਸਟਰੇਲੀਆ ਗਈ ਸੀ ਅਤੇ ਸਮਾਜਿਕ ਕਾਰਜਾਂ ਵਿੱਚ ਮਾਸਟਰਜ਼ ਦੀ ਪੜ੍ਹਾਈ ਕਰ ਰਹੀ ਹੈ। ਬਲਜੀਤ ਨੇ ਦੱਸਿਆ ਕਿ ਪੰਜਾਬ ਵਿਚ ਉਸ ਦੇ ਪਰਿਵਾਰ ਦੀ ਆਮਦਨੀ ਖੇਤ ਫ਼ਸਲਾਂ ਨਿਰਭਰ ਹੈ। ਉਸ ਨੇ ਬਚਪਨ ਤੋਂ ਹੀ ਪਰਿਵਾਰ ਦੇ ਜੀਆਂ ਨੂੰ ਆਪਣੀਆਂ ਜ਼ਮੀਨਾਂ ’ਚ ਮਿਹਨਤ ਕਰਦੇ ਦੇਖਿਆ ਹੈ ਅਤੇ ਇਨ੍ਹਾਂ ਖੇਤਾਂ ਦੀ ਕਮਾਈ ਨੇ ਹੀ ਉਨ੍ਹਾਂ ਨੂੰ ਬੁਲੰਦੀਆਂ ਬਖ਼ਸ਼ੀਆਂ ਹਨ। ਉਸ ਅਨੁਸਾਰ ਭਾਰਤ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਕਿਸਾਨਾਂ ਦੇ ਹੱਕਾਂ ਨੂੰ ਵੇਚਣ ਜਾ ਰਹੀ ਹੈ, ਜੋ ਮੰਦਭਾਗਾ ਤੇ ਗੈਰ-ਜਮਹੂਰੀ ਵਰਤਾਰਾ ਹੈ। ਉਸ ਨੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਫੌਰੀ ਰੱਦ ਕਰਨਾ ਚਾਹੀਦਾ ਹੈ।
ਬਲਜੀਤ ਕੌਰ ਨੇ ਹਵਾ ਵਿਚ ਪ੍ਰਦਰਸ਼ਨ ਦੌਰਾਨ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੀ ਸ਼ਬਦਾਵਲੀ ਵਾਲੇ ਵਿਸ਼ੇਸ਼ ਵਸਤਰਾਂ ਦੀ ਵਰਤੋਂ ਕੀਤੀ। ਅਸਮਾਨ ਵਿੱਚ ਉਸ ਨੇ ਜੈਕਾਰੇ ਅਤੇ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਵੀ ਲਗਾਏ।