ਲੁਧਿਆਣਾ : ਕੁੜੀ ਨੂੰ ਅਗਵਾ ਕਰਕੇ 3 ਨੌਜਵਾਨਾਂ ਨੇ ਕੀਤਾ ਜਬਰ-ਜ਼ਿਨਾਹ

by vikramsehajpal

ਲੁਧਿਆਣਾ (ਦੇਵ ਇੰਦਰਜੀਤ) : ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਤਿੰਨੇ ਮੁਲਜ਼ਮਾਂ ’ਤੇ ਕੇਸ ਦਰਜ ਕੀਤਾ ਹੈ। ਜਿਸ ’ਚੋਂ ਇਕ ਮੁਲਜ਼ਮ ਰਾਜੀਵ ਗਾਂਧੀ ਕਾਲੋਨੀ ਦਾ ਸੰਨੀ ਹੈ, ਜਦੋਂ ਕਿ 2 ਉਸ ਦੇ ਅਣਪਛਾਤੇ ਸਾਥੀ ਹਨ। ਪੁਲਸ ਤਿੰਨੇ ਮੁਲਜ਼ਮਾਂ ਦੀ ਭਾਲ ’ਚ ਛਾਪੇ ਮਾਰ ਰਹੀ ਹੈ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਮੋਤੀ ਨਗਰ ਇਲਾਕੇ ਦੀ ਰਹਿਣ ਵਾਲੀ ਹੈ। 22 ਜੂਨ ਦੀ ਸਵੇਰ ਨੂੰ ਉਹ ਆਪਣੇ ਇਕ ਦੋਸਤ ਨਾਲ ਸੈਰ ਕਰਨ ਗਈ ਸੀ।

ਦੋਸਤ ਨਾਲ ਸੈਰ ਕਰ ਕੇ ਘਰ ਮੁੜ ਰਹੀ ਕੁੜੀ ਨੂੰ ਇਕ ਜਾਣਕਾਰ ਨੌਜਵਾਨ ਆਪਣੇ 2 ਸਾਥੀਆਂ ਨਾਲ ਸਕੂਟਰ ’ਤੇ ਅਗਵਾ ਕਰ ਕੇ ਲੈ ਗਿਆ। ਉਸ ਨੂੰ ਰਾਮ ਨਗਰ ਇਕ ਫਲੈਟ ਵਿਚ ਲਿਜਾ ਕੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ। ਇਸ ਤੋਂ ਬਾਅਦ ਤਿੰਨੇ ਮੁਲਜ਼ਮ ਉਸ ਨੂੰ ਉਸੇ ਜਗ੍ਹਾ ’ਤੇ ਵਾਪਸ ਛੱਡ ਗਏ, ਜਿੱਥੇ ਖੜ੍ਹੀ ਉਹ ਆਪਣੇ ਦੋਸਤ ਦਾ ਇੰਤਜ਼ਾਰ ਕਰ ਰਹੀ ਸੀ।

ਘਟਨਾ ਤੋਂ ਬਾਅਦ ਮੁਲਜ਼ਮ ਉਸ ਨੂੰ ਉਸੇ ਜਗ੍ਹਾ ਵਾਪਸ ਛੱਡ ਕੇ ਫ਼ਰਾਰ ਹੋ ਗਏ, ਜਿੱਥੋਂ ਉਸ ਨੂੰ ਚੁੱਕ ਕੇ ਲੈ ਗਏ ਸੀ। ਉਧਰ, ਐੱਸ. ਐੱਚ. ਓ. ਦਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਮੁਲਜ਼ਮ ਸੰਨੀ ਦੇ ਘਰ ਦਾ ਪਤਾ ਲੱਗ ਗਿਆ ਹੈ। ਉਥੇ ਛਾਪਾ ਮਾਰਿਆ ਗਿਆ ਸੀ ਪਰ ਸੰਨੀ ਹਾਲੇ ਫ਼ਰਾਰ ਹੈ। ਉਸ ਦੇ ਫੜ੍ਹੇ ਜਾਣ ਤੋਂ ਬਾਅਦ ਬਾਕੀ 2 ਮੁਲਜ਼ਮਾਂ ਦੀ ਪਛਾਣ ਹੋਵੇਗੀ।