ਮੰਦਸੌਰ (ਪਾਇਲ): ਤੁਹਾਨੂੰ ਦੱਸ ਦਇਏ ਕਿ ਮਲਹਾਰਗੜ੍ਹ ਥਾਣੇ 'ਚ ਅਗਸਤ ਮਹੀਨੇ ਵਿੱਚ ਦੌਰਾਨ ਹੋਏ ਇਕ ਵਿਵਾਦਤ ਐਨ.ਡੀ.ਪੀ.ਐੱਸ. ਮਾਮਲੇ 'ਚ ਪੁਲਿਸ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਕਾਨੂੰਨ ਦੀ ਨਿਰਧਾਰਤ ਪ੍ਰਕਿਰਿਆ ਦਾ ਪਾਲਣ ਨਾ ਕਰਨ ਕਾਰਨ ਕੁੱਲ 6 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਮੁਅੱਤਲ ਕੀਤੇ ਗਏ ਪੁਲਿਸ ਮੁਲਾਜ਼ਮਾਂ ਵਿੱਚ ਤਤਕਾਲੀ ਪੁਲਿਸ ਸਟੇਸ਼ਨ ਇੰਚਾਰਜ ਟੀਆਈ ਰਾਜਿੰਦਰ ਪੰਵਾਰ, ਐਸਆਈ ਸੰਜੇ ਪ੍ਰਤਾਪ, ਐਸਆਈ ਸਾਜਿਦ ਮਨਸੂਰੀ, ਕਾਂਸਟੇਬਲ ਨਰਿੰਦਰ, ਕਾਂਸਟੇਬਲ ਜਤਿੰਦਰ ਅਤੇ ਕਾਂਸਟੇਬਲ ਦਿਲੀਪ ਸ਼ਾਮਲ ਹਨ।
ਇਹ ਕਾਰਵਾਈ ਇੰਦੌਰ ਹਾਈਕੋਰਟ 'ਚ 18 ਸਾਲਾ ਦੋਸ਼ੀ ਨੌਜਵਾਨ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਗੰਭੀਰ ਤੱਥਾਂ ਦੇ ਸਾਹਮਣੇ ਆਉਣ ਤੋਂ ਬਾਅਦ ਕੀਤੀ ਗਈ। ਨੌਜਵਾਨ 'ਤੇ 2 ਕਿਲੋ 700 ਗ੍ਰਾਮ ਅਫੀਮ ਰੱਖਣ ਦਾ ਅਰੋਪ ਲਾਇਆ ਗਿਆ ਸੀ। ਜਮਾਨਤ ਸੁਣਵਾਈ ਦੌਰਾਨ ਮੁਲਜ਼ਮ ਪੱਖ ਨੇ ਬੱਸ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਸਬੂਤ ਵਜੋਂ ਪੇਸ਼ ਕੀਤਾ।
ਸੀਸੀਟੀਵੀ ਫੁਟੇਜ 'ਚ ਸਿਵਲ ਡਰੈੱਸ 'ਚ ਮੌਜੂਦ ਪੁਲਿਸ ਮੁਲਾਜ਼ਮ ਨੌਜਵਾਨਾਂ ਨੂੰ ਬੱਸ 'ਚੋਂ ਉਤਾਰਦੇ ਹੋਏ ਸਾਫ ਦਿਖਾਈ ਦੇ ਰਹੇ ਹਨ, ਜਿਸ ਕਾਰਨ ਪੁਲਿਸ ਦੀ ਕਾਰਵਾਈ 'ਤੇ ਸਵਾਲ ਖੜ੍ਹੇ ਹੋਏ
ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਪੁਲਿਸ ਸੁਪਰਡੈਂਟ ਨੇ ਵੀ ਮੰਨਿਆ ਕਿ ਇਸ ਕੇਸ ਵਿੱਚ ਕਾਨੂੰਨੀ ਪ੍ਰਕਿਰਿਆਵਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਗਈ। ਇਸ ਆਧਾਰ ’ਤੇ ਪੁਲਿਸ ਵਿਭਾਗ ਨੇ ਸਬੰਧਤ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਮਲਹਾਰਗੜ੍ਹ ਥਾਣੇ ਨੂੰ ਦੇਸ਼ ਭਰ 'ਚੋਂ 9ਵਾਂ ਸਥਾਨ ਮਿਲਿਆ ਸੀ ਪਰ ਇਸ ਮਾਮਲੇ ਨੇ ਥਾਣੇ ਦੀ ਕਾਰਜਪ੍ਰਣਾਲੀ ਅਤੇ ਪਾਰਦਰਸ਼ਤਾ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।



