ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਪੁਲਿਸ ਦੀ ਹੁਸ਼ਿਆਰਪੁਰ ‘ਚ ਵੱਡੀ ਕਾਰਵਾਈ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਗੋੜਾ ਹੋਏ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉੱਥੇ ਹੀ ਇਸ ਮਾਮਲੇ ਵਿੱਚ ਇੱਕ ਨਵਾਂ ਮੁੜ ਸਾਹਮਣੇ ਆਇਆ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਤੋਂ ਦਿੱਲੀ ਤੇ ਫਿਰ ਦਿੱਲੀ ਤੋਂ ਨੇਪਾਲ ਵੱਲ ਭੱਜ ਗਿਆ ਪਰ ਹੁਣ ਮੁੜ ਅੰਮ੍ਰਿਤਪਾਲ ਸਿੰਘ ਦੇ ਪੰਜਾਬ 'ਚ ਹੋਣ ਦੀ ਸੂਚਨਾ ਦੇ ਆਧਾਰ 'ਤੇ ਪੰਜਾਬ ਪੁਲਿਸ ਵਲੋਂ ਹੁਸ਼ਿਆਰਪੁਰ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ CID ਦੀ ਕਾਊਟਰ ਇੰਟੈਲੀਜੈਂਸ ਟੀਮ ਨੇ ਸ਼ੱਕ ਦੇ ਆਧਾਰ 'ਤੇ ਇੱਕ ਇਨੋਵਾ ਕਾਰ ਦਾ ਪਿੱਛਾ ਕੀਤਾ। ਜਿਸ 'ਚ ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ਦੇ ਹੋਣ ਦਾ ਸ਼ੱਕ ਸੀ ,ਜਦੋ ਪੁਲਿਸ ਟੀਮ ਨੇ ਉਸ ਦਾ ਪਿੱਛਾ ਕੀਤਾ ਤਾਂ ਇਨੋਵਾ ਕਾਰ ਪਿੰਡ ਮਰਨੀਆਂ ਦੇ ਗੁਰੂਦੁਆਰਾ ਭਾਈ ਚੰਚਲ ਸਿੰਘ ਕੋਲ ਛੱਡ ਕੇ ਫਰਾਰ ਹੋ ਗਏ । ਪੁਲਿਸ ਸੂਤਰਾਂ ਅਨੁਸਾਰ ਇਹ ਕਾਰ ਚਿੱਟੇ ਰੰਗ ਦੀ ਹੈ, ਜਿਸ ਦਾ ਨੰਬਰ PB10CK 0527 ਸੀ ਤੇ ਇਹ ਫਗਵਾੜੇ ਤੋਂ ਹੁਸ਼ਿਆਰਪੁਰ ਆ ਰਹੀ ਸੀ।

ਫਿਲਹਾਲ ਪੁਲਿਸ ਵਲੋਂ ਹਾਲੇ ਤੱਕ ਕਿਸੇ ਨੂੰ ਕਾਬੂ ਨਹੀਂ ਕੀਤਾ ਗਿਆ ਤੇ ਨਾ ਹੀ ਕਿਸੇ ਉੱਚ ਅਧਿਕਾਰੀ ਵਲੋਂ ਇਸ ਦੀ ਪੁਸ਼ਟੀ ਹੋਈ ਹੈ ਕਿ ਉਸ ਕਾਰ ਵਿੱਚ ਅੰਮ੍ਰਿਤਪਾਲ ਸਿੰਘ ਸੀ ਜਾਂ ਨਹੀਂ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੀ ਫਗਵਾੜਾ ਰੋਡ ਕੋਲ ਨਾਕਾਬੰਦੀ ਦੌਰਾਨ ਪੁਲਿਸ ਵਲੋਂ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਗੱਡੀ ਸਵਾਰ ਵਿਅਕਤੀਆਂ ਨੇ ਕਾਰ ਬਾਈਪਾਸ ਦੇ ਕੋਲ ਪਿੰਡ ਵੱਲ ਮੋੜ ਲਈ।

ਜਿਸ ਤੋਂ ਬਾਅਦ ਪੁਲਿਸ ਟੀਮਾਂ ਵਲੋਂ ਮਿਲ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ। ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੀਆਂ ਕਈ ਤਸਵੀਰਾਂ ਤੇ ਵੀਡਿਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਅਜਨਾਲਾ ਘਟਨਾ ਨੂੰ ਦੇਖਦੇ ਹੋਏ ਕਈ ਜ਼ਿਲ੍ਹਿਆਂ ਦੀ ਪੁਲਿਸ ਵਲੋਂ 18 ਮਾਰਚ ਨੂੰ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਸੀ। ਇਸ ਦੌਰਾਨ ਪੁਲਿਸ ਨੇ ਅੰਮ੍ਰਿਤਪਾਲ ਦੇ ਕਾਫਲੇ ਨੂੰ ਘੇਰਾ ਪਾ ਕੇ ਉਸ ਦੇ ਕਈ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ ।