ਬਿਨਾਂ ਡ੍ਰਾਈਵਰ ਦੇ ਚੱਲੀ ਟ੍ਰੇਨ ਮਾਮਲੇ ‘ਚ ਰੇਲ ਮੰਤਰਾਲੇ ਦੀ ਵੱਡੀ ਕਾਰਵਾਈ, 6 ਮੁਲਾਜ਼ਮ ਸਸਪੈਂਡ

by jaskamal

ਪੱਤਰ ਪ੍ਰੇਰਕ : ਬੀਤੇ ਦਿਨ ਕਠੂਆ ਤੋਂ ਬਿਨਾਂ ਡਰਾਈਵਰ ਅਤੇ ਗਾਰਡ ਦੇ ਪੰਜਾਬ ਪਹੁੰਚੀ ਟਰੇਨ ਦੇ ਮਾਮਲੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ ਨੂੰ ਲੈ ਕੇ ਰੇਲਵੇ ਵੱਲੋਂ ਸਖ਼ਤ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇਸ ਸਬੰਧੀ ਰੇਲਵੇ ਦੇ ਛੇ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਿਨ੍ਹਾਂ ਰੇਲਵੇ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ 'ਚ ਸਟੇਸ਼ਨ ਮਾਸਟਰ ਕਠੂਆ, ਲੋਕੋ ਪਾਇਲਟ, ਅਸਿਸਟੈਂਟ ਲੋਕੋ ਪਾਇਲਟ, ਪੁਆਇੰਟ ਮੈਨ, ਟ੍ਰੈਫਿਕ ਇੰਸਪੈਕਟਰ ਅਤੇ ਲੋਕੋ ਇੰਸਪੈਕਟਰ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਬੀਤੀ ਸਵੇਰੇ ਕਠੂਆ ਤੋਂ ਬਿਨਾਂ ਡਰਾਈਵਰ ਅਤੇ ਗਾਰਡ ਤੋਂ ਮਾਲ ਗੱਡੀ ਰਵਾਨਾ ਹੋਈ ਸੀ। ਇਸ ਟਰੇਨ ਦੇ ਚੱਲਣ ਤੋਂ ਬਾਅਦ ਰੇਲਵੇ ਵਿਭਾਗ 'ਚ ਹੜਕੰਪ ਮਚ ਗਿਆ। ਉਕਤ ਮਾਲ ਗੱਡੀ 70-80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਜੰਮੂ ਦੇ ਕਠੂਆ ਤੋਂ ਪੰਜਾਬ ਪਹੁੰਚੀ ਅਤੇ ਬਿਨਾਂ ਡਰਾਈਵਰ ਦੇ ਕਈ ਕਿਲੋਮੀਟਰ ਤੱਕ ਚੱਲਦੀ ਰਹੀ। ਇਸ ਤੋਂ ਬਾਅਦ ਗੱਡੀ ਦਸੂਹਾ ਨੇੜੇ ਉਚੀ ਬੱਸੀ ਕੋਲ ਰੁਕ ਗਈ।