ਵੱਡੀ ਵਾਰਦਾਤ: ਪੁਰਾਣੀ ਰੰਜਿਸ਼ ਨੂੰ ਲੈ ਕੇ ਵਿਅਕਤੀ ‘ਤੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਦਮਪੁਰ ਦੇ ਮੇਨ ਰੋਡ 'ਤੇ ਪੈਂਦੇ ਮੁਹੱਲਾ ਗਾਜ਼ੀਪੁਰ ਨੇੜੇ ਇਕ ਕਾਲੋਨੀ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਪੰਜ ਇਨੋਵਾ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਵਿਅਕਤੀ 'ਤੇ ਦਿਨ-ਦਿਹਾੜੇ ਗੋਲ਼ੀਆਂ ਚਲਾ ਦਿੱਤੀਆਂ ਗਈਆਂ।

ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਹ ਪਲਾਟਾਂ 'ਚ ਭਰਤੀ ਪਾਉਣ ਦਾ ਕੰਮ ਕਰਦਾ ਹੈ, ਉਸ ਨੇ ਕਾਲੋਨੀ ਵਿਚ ਕਾਫ਼ੀ ਸਮਾਂ ਪਹਿਲਾਂ ਭਰਤੀ ਪਾਈ ਸੀ। ਇਸ ਪਲਾਟ ਦਾ 2 ਧਿਰਾਂ ਵਿਚ ਆਪਸੀ ਕੋਟ ਕੇਸ ਚਲ ਰਿਹਾ ਹੈ। ਉਸ ਨੇ ਦੱਸਿਆ ਕਿ 2 ਮਹੀਨਿਆਂ ਤੋਂ ਪਹਿਲਾਂ ਅਮਰੀਕਾ ਤੋਂ ਇਕ ਵਿਅਕਤੀ ਦਾ ਫੋਨ ਆਇਆ ਕਿ ਤੂੰ ਇਕ ਧਿਰ ਦੇ ਮਾਲਕਾਂ ਨੂੰ ਸਮਝਾ ਕਿ ਇਸ ਪੰਗੇ ਵਿਚ ਨਾ ਪੈਣ ਨਹੀਂ ਤਾਂ ਉਸ ਨੂੰ ਦੁਕਾਨ 'ਤੇ ਬੈਠੇ ਨੂੰ ਗੋਲ਼ੀਆਂ ਮਾਰ ਕੇ ਮਾਰ ਦਿਆਂਗੇ।

ਉਸ ਤੋਂ ਬਾਅਦ 4 ਦਿਨ ਪਹਿਲਾਂ ਵੀ ਉਸੇ ਵਿਅਕਤੀ ਦਾ ਫਿਰ ਫੋਨ ਆਇਆ ਕਿ ਤੂੰ ਉਸ ਨੂੰ ਸਮਝਾਇਆ ਨਹੀਂ ਤਾਂ ਅਸੀਂ ਉਸ ਨੂੰ ਆਪਣੇ ਤਰੀਕੇ ਨਾਲ ਸਮਝਾਉਂਦੇ ਹਾਂ। ਪ੍ਰਭਜੋਤ ਨੇ ਦੱਸਿਆ ਕਿ ਮੈਨੂੰ ਫੋਨ ਆਇਆ ਕਿ ਤੂੰ ਪਲਾਟ ਵਿਚ ਆ ਜਾ ਗੱਲਬਾਤ ਕਰਨੀ ਹੈ। ਉਸ ਸਮੇਂ ਮੈਂ ਜਿਮ 'ਚ ਸੀ।

ਮੈਂ ਜਿਮ ਤੋਂ ਹੀ ਉਸ ਪਲਾਟ ਵਿਚ ਪਹੁੰਚਿਆ ਤਾਂ ਮੇਨ ਰੋਡ 'ਤੇ ਇਕ ਇਨੋਵਾ ਗੱਡੀ ਖੜ੍ਹੀ ਸੀ, ਜਿਸ ਵਿਚੋਂ 2 ਵਿਅਕਤੀ ਉੱਤਰ ਕੇ ਆਏ, ਜਿਨਾਂ ਨੇ ਮੂੰਹ ਬੰਨ੍ਹੇ ਹੋਏ ਸਨ ਆ ਕੇ ਮੇਰੇ ਨਾਲ ਗੱਲਬਾਤ ਕਰਨ ਲੱਗੇ । ਗੱਲ ਕਰਦਿਆਂ ਹੀ ਇਕ ਵਿਅਕਤੀ ਨੇ ਪਿਸਤੌਲ ਕੱਢ ਕੇ ਮੇਰੀ ਗੱਡੀ ਅਤੇ ਮੇਰੇ ਪੈਰਾਂ ਵੱਲ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਕਿਸੇ ਤਰੀਕੇ ਮੈਂ ਆਪਣੀ ਜਾਨ ਬਚਾਈ ਅਤੇ ਉਹ ਦੋਵੇਂ ਅਣਪਛਾਤੇ ਵਿਅਕਤੀ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।