ਵੱਡੀ ਵਾਰਦਾਤ: ਪਤੀ ਨੇ ਪਤਨੀ ਦੇ ਲੋਹੇ ਦਾ ਭੂਕਣਾ ਮਾਰ ਕੀਤਾ ਕਤਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ੍ਰੀ ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਪਤਾਲਪੁਰੀ ਸਾਹਿਬ ਲਿੰਕ ਸੜਕ ’ਤੇ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਸਿਰ ਵਿਚ ਲੋਹੇ ਦਾ ਭੂਕਣਾ ਮਾਰ ਕੇ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ। ਐੱਸ. ਐੱਚ. ਓ. ਇੰਸ. ਸੁਮਿਤ ਮੌਰ ਨੇ ਦੱਸਿਆ ਕਿ ਪੁਲਿਸ ਨੂੰ ਸੰਤੋਸ਼ ਪਤਨੀ ਪਰਮਜੀਤ ਵਾਸੀ ਪਿੰਡ ਪਹਾੜਪੁਰ ਥਾਣਾ ਸ੍ਰੀ ਅਨੰਦਪੁਰ ਸਾਹਿਬ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ 7 ਸਾਲ ਤੋਂ ਮੇਰੇ ਮਾਤਾ-ਪਿਤਾ ਅਮਰ ਸਿੰਘ ਅਤੇ ਸੋਨਾ ਦੇਵੀ ਪਿੰਡ ਗੰਗੂਵਾਲ, ਲੱਗ ਮਜਾਰੀ ਅਤੇ ਮਜਾਰਾ ਵਿਖੇ ਮਕਾਨ ਕਿਰਾਏ ’ਤੇ ਲੈ ਕੇ ਰਹਿ ਰਹੇ ਸੀ।

ਉਸ ਨੇ ਦੱਸਿਆ ਕਿ ਉਹ ਪੰਜ ਭੈਣਾਂ ਅਤੇ ਇਕ ਭਰਾ ਹੈ। ਉਸ ਦੀ ਸਭ ਤੋਂ ਵੱਡੀ ਭੈਣ ਰੈਨੂੰ ਪਿੰਡ ਟਿੱਕਰੀ ਬਘੇਰੀ ਦੇ ਦਲਵੀਰ ਸਿੰਘ ਨਾਲ ਵਿਆਹੀ ਹੋਈ ਹੈ। ਉਹ ਆਪਣੇ ਮਾਤਾ-ਪਿਤਾ ਨੂੰ ਮਿਲਣ ਲਈ ਆਈ ਹੋਈ ਸੀ ਤਾਂ ਜਦੋਂ ਉਹ ਘਰ ਪੁੱਜੀ ਤਾਂ ਮੇਰੀ ਛੋਟੀ ਭੈਣ ਨੰਦਨੀ ਰੋ ਰਹੀ ਸੀ। ਜਿਸ ਨੇ ਉਸ ਨੂੰ ਦੱਸਿਆ ਕਿ ਉਸ ਦੇ ਪਿਤਾ ਅਮਰ ਸਿੰਘ ਸ਼ਰਾਬ ਪੀ ਕੇ ਮਾਤਾ ਸੋਨੀ ਦੇਵੀ ਦੇ ਸਿਰ ਵਿਚ ਲੋਹੇ ਦੇ ਭੂਕਣੇ ਕਈ ਵਾਰ ਮਾਰੇ ਤੇ ਉਸ ਨੂੰ ਛੱਡ ਕੇ ਕਿਸੇ ਪਾਸੇ ਚਲਾ ਗਿਆ।

ਸੰਤੋਸ਼ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੀ ਮਾਤਾ ਸੋਨੀ ਦੇਵੀ ਨੂੰ ਜਾ ਕੇ ਵੇਖਿਆ ਤਾਂ ਉਸ ਦੇ ਸਿਰ ਵਿਚ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਚੁੱਕੀ ਸੀ। ਉਸ ਦੇ ਪਿਤਾ ਅਕਸਰ ਸ਼ਰਾਬ ਪੀ ਕੇ ਉਸ ਦੀ ਮਾਤਾ ਦੀ ਕੁੱਟਮਾਰ ਕਰਦੇ ਰਹਿੰਦੇ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।