ਪੰਜਾਬ ‘ਚ ਵਾਪਰੀ ਵੱਡੀ ਘਟਨਾ, ਮਹਿਲਾ ਸਭਾ ਦੀ ਜ਼ਿਲ੍ਹਾ ਪ੍ਰਧਾਨ ਦਾ ਸ਼ਰੇਆਮ ਕਤਲ

by nripost

ਬੁਢਲਾਡਾ (ਰਾਘਵ) : ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾ ਕੌਂਸਲ ਮੈਂਬਰ ਅਤੇ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਗਾਮੀਵਾਲਾ ਦਾ ਉਨ੍ਹਾਂ ਦੇ ਘਰ ਨਜ਼ਦੀਕ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਪੁਲਸ ਨੇ ਮ੍ਰਿਤਕ ਦੇ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਖ਼ਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਸਿਵਲ ਹਸਪਤਾਲ ਬੁਢਲਾਡਾ ਵਿਖੇ ਇਸ ਕਤਲ ਦੇ ਮਾਮਲੇ ਨੂੰ ਲੈ ਕੇ ਸੀ. ਪੀ. ਆਈ. ਵਰਕਰਾਂ ਨੇ ਮਨਜੀਤ ਕੌਰ ਦੇ ਕਾਤਲਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਸਿਵਲ ਹਸਪਤਾਲ ਵਿਖੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲਸ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ। ਵਜ੍ਹਾ ਰੰਜਿਸ਼ ਇਕ ਪਲਾਟ ਨੂੰ ਲੈ ਕੇ ਮਨਜੀਤ ਕੌਰ ਅਤੇ ਦੂਸਰੀ ਧਿਰ ਵੱਲੋਂ ਲੰਬੇ ਸਮੇਂ ਤੋਂ ਝਗੜਾ ਚੱਲਦਾ ਆ ਰਿਹਾ ਸੀ। ਕੁਝ ਦਿਨ ਪਹਿਲਾਂ ਸਾਂਝੀਆਂ ਜਥੇਬੰਦੀਆਂ ਵੱਲੋਂ ਪਲਾਟ ਦੇ ਮਸਲੇ ਦਾ ਹੱਲ ਕਰਾਉਂਦਿਆਂ ਮਨਜੀਤ ਕੌਰ ਦੇ ਹੱਕ ਵਿਚ ਪਲਾਟ ਦਾ ਸਮਝੌਤਾ ਕਰਵਾ ਦਿੱਤਾ ਗਿਆ ਸੀ ਪਰ ਦੂਜੀ ਧਿਰ ਵੱਲੋਂ ਸਮਝੌਤਾ ਨਾ ਮਨਜ਼ੂਰ ਹੋਣ ਕਾਰਨ ਅੱਜ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।