ਮਮਤਾ ਬੈਨਰਜੀ ਨੇ ਦਿੱਤੀ ਚੁਣੌਤੀ, ਕਿਹਾ- ਜੇ ਝੂਠੇ ਸਾਬਿਤ ਹੋਏ ਤਾਂ ਕੰਨ ਫੜ੍ਹ ਕੇ ਉਠਕ-ਬੈਠਕ ਲਗਾਉਣ PM ਮੋਦੀ

by vikramsehajpal

ਬੰਗਾਲ,(Nri Media/ਦੇਵ ਇੰਦਰਜੀਤ) : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਣ ਪ੍ਰਚਾਰ ਕਰਨ ਲਈ ਉਨ੍ਹਾਂ ‘ਤੇ ਪਾਬੰਦੀ ਲਗਾਈ ਗਈ ਸੀ। 24 ਘੰਟਿਆਂ ਦੀ ਇਹ ਪਾਬੰਦੀ ਖਤਮ ਹੁੰਦਿਆਂ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਿਆ । ਕੋਲਕਾਤਾ ਤੋਂ ਲਗਭਗ 20 ਕਿਲੋਮੀਟਰ ਦੂਰ ਬਾਰਾਸਤ ਵਿੱਚ ਜਨਤਾ ਵਿਚਾਲੇ ਮੁੱਖ ਮੰਤਰੀ ਨੇ ਕਿਹਾ, “ਮੋਦੀ ਝੂਠੇ ਹਨ… ਪ੍ਰਧਾਨ ਮੰਤਰੀ ਝੂਠੇ ਹਨ…” ਪਰ ਤੁਰੰਤ ਉਨ੍ਹਾਂ ਨੇ ਆਪਣੀ ਭਾਸ਼ਾ ਵਿੱਚ ਸੁਧਾਰ ਕਰਦਿਆਂ ਕਿਹਾ,‘‘ ਝੂਠਾ ਗੈਰ-ਸੰਸਦੀ ਸ਼ਬਦ ਹੈ… ਪ੍ਰਧਾਨ ਮੰਤਰੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ… “ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਦੇ ਦਾਅਵੇ ਨੂੰ ਚੁਣੌਤੀ ਦਿੰਦਿਆਂ ਕਿਹਾ, “ਮੈਂ ਚੁਣੌਤੀ ਨੂੰ ਸਵੀਕਾਰ ਕਰਦੀ ਹਾਂ… ਜੇ ਮੈਂ ਕੁਝ ਨਹੀਂ ਕੀਤਾ ਤਾਂ ਮੈਂ ਰਾਜਨੀਤੀ ਤੋਂ ਅਸਤੀਫਾ ਦੇ ਦੇਵਾਂਗੀ, ਅਤੇ ਜੇ ਤੁਸੀਂ ਵੀ ਕੁਝ ਕੀਤੇ ਬਿਨ੍ਹਾਂ ਝੂਠ ਫੈਲਾ ਰਹੇ ਹੋ ਤਾਂ ਤੁਸੀਂ ਕੰਨ ਫੜ੍ਹ ਕੇ ਉਠਕ-ਬੈਠਕ ਲਗਾਵੋਗੇ।”ਇਸ ਤੋਂ ਇਲਾਵਾ ਮਮਤਾ ਬੈਨਰਜੀ ਨੇ ਇਹ ਸਵਾਲ ਵੀ ਚੁੱਕਿਆ ਕਿ ਪ੍ਰਧਾਨ ਮੰਤਰੀ ਵੋਟਾਂ ਦੇ ਦਿਨ ਰਾਜ ਵਿੱਚ ਚੋਣ ਪ੍ਰਚਾਰ ਕਿਉਂ ਕਰ ਰਹੇ ਹਨ ।

ਚੋਣ ਕਮਿਸ਼ਨ ਨੇ ਰਾਜ ਵਿੱਚ ਅੱਠ ਪੜਾਵਾਂ ਵਿੱਚ ਚੋਣਾਂ ਦਾ ਪ੍ਰੋਗਰਾਮ ਬਣਾਇਆ ਹੈ, ਜਿਸ ਵਿੱਚੋਂ ਸਿਰਫ ਚਾਰ ਪੜਾਅ ਖ਼ਤਮ ਹੋਏ ਹਨ ਅਤੇ ਪੰਜਵੇਂ ਪੜਾਅ ਦੀ ਵੋਟਿੰਗ ਸ਼ਨੀਵਾਰ, 17 ਅਪ੍ਰੈਲ ਨੂੰ ਹੋਣੀ ਹੈ। ਇੱਕ ਦਿਨ ਦੀ ਪਾਬੰਦੀ ਦੌਰਾਨ ਕੋਲਕਾਤਾ ਵਿੱਚ ਇਕੱਲੇ ਬੈਠ ਕੇ ਧਰਨਾ ਦੇਣ ਵਾਲੀ ਮੁੱਖ ਮੰਤਰੀ ਨੇ ਕਿਹਾ, “ਵੋਟਾਂ ਵਾਲੇ ਦਿਨਾਂ ਵਿੱਚ ਪ੍ਰਧਾਨ ਮੰਤਰੀ ਵੋਟਾਂ ਦੇ ਪੱਛਮੀ ਬੰਗਾਲ ਆਉਣ ‘ਤੇ ਚੋਣ ਕਮਿਸ਼ਨ ਪਾਬੰਦੀ ਕਿਉਂ ਨਹੀਂ ਲਾਉਂਦਾ …? ਮੈਂ ਵੋਟਿੰਗ ਵਾਲੇ ਦਿਨਾਂ ‘ਤੇ ਆਪਣੀਆਂ ਮੀਟਿੰਗਾਂ ਰੱਦ ਕਰਨ ਲਈ ਤਿਆਰ ਹਾਂ… “ਦੱਸ ਦੇਈਏ ਕਿ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਲੰਬੇ ਸਮੇਂ ਤੋਂ ਮੰਗ ਕਰ ਰਹੀ ਹੈ ਕਿ ਪ੍ਰਧਾਨ ਮੰਤਰੀ ਨੂੰ ਵੋਟਾਂ ਵਾਲੇ ਦਿਨ ਰਾਜ ਵਿੱਚ ਪ੍ਰਚਾਰ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਚੋਣ ਕਮਿਸ਼ਨ ਵੱਲੋਂ ਚੋਣ ਪ੍ਰਚਾਰ ਦੌਰਾਨ ਲਗਾਈ ਗਈ 24 ਘੰਟੇ ਦੀ ਪਾਬੰਦੀ ਤੋਂ ਬਾਅਦ ਮਮਤਾ ਬੈਨਰਜੀ ਨੇ ਬਾਰਾਸਾਤ ਵਿੱਚ ਪਹਿਲੀ ਰੈਲੀ ਕੀਤੀ। ਉਨ੍ਹਾਂ ”ਤੇ ਘੱਟ ਗਿਣਤੀਆਂ ਤੋਂ ਵੋਟਾਂ ਮੰਗਣ ਦੀਆਂ ਟਿੱਪਣੀਆਂ ਲਈ ਪਾਬੰਦੀ ਲਗਾਈ ਗਈ ਸੀ, ਜੋ ਚੋਣ ਕਮਿਸ਼ਨ ਦੇ ਅਨੁਸਾਰ ‘ਬਹੁਤ ਜ਼ਿਆਦਾ ਭੜਕਾਊ ਸੀ।