ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੂਰੀ ਕੈਬਨਿਟ ਸਮੇਤ ਦਿੱਤਾ ਅਸਤੀਫਾ

by jagjeetkaur

ਚੰਡੀਗੜ੍ਹ, 12 ਮਾਰਚ 2024 – ਹਰਿਆਣਾ ‘ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨਾਲ ਗਠਜੋੜ ਹੁਣ ਕਿਸੇ ਵੀ ਸਮੇਂ ਟੁੱਟ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਸੀਟਾਂ ਦੀ ਵੰਡ ਨੂੰ ਲੈ ਕੇ ਮਤਭੇਦ ਹੋਣ ਕਾਰਨ ਇਹ ਗਠਜੋੜ ਟੁੱਟਣ ਜਾ ਰਿਹਾ ਹੈ।

ਇਸੇ ਦੌਰਾਨ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੂਰੀ ਕੈਬਨਿਟ ਸਮੇਤ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਹੈ। ਇਸ ਦੌਰਾਨ ਆਜ਼ਾਦ ਵਿਧਾਇਕ ਭਾਜਪਾ ਦੇ ਸਮਰਥਨ ‘ਚ ਅੱਗੇ ਆਏ ਹਨ।

ਹਰਿਆਣਾ ਵਿੱਚ ਕੁੱਲ 90 ਵਿਧਾਨ ਸਭਾ ਸੀਟਾਂ ਹਨ। ਇਨ੍ਹਾਂ 90 ਵਿੱਚੋਂ 41 ਸੀਟਾਂ ਭਾਜਪਾ ਕੋਲ ਹਨ। ਕਾਂਗਰਸ ਲਈ 30 ਸੀਟਾਂ, ਇੰਡੀਅਨ ਨੈਸ਼ਨਲ ਲੋਕ ਦਲ ਲਈ 10, ਹਰਿਆਣਾ ਲੋਕਹਿਤ ਪਾਰਟੀ ਨੂੰ ਇੱਕ ਅਤੇ 6 ਆਜ਼ਾਦ ਸੀਟਾਂ ਹਨ। ਹਰਿਆਣਾ ਵਿੱਚ ਬਹੁਮਤ ਲਈ 46 ਵਿਧਾਇਕਾਂ ਦੀ ਲੋੜ ਹੈ। ਹਰਿਆਣਾ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਜੇਜੇਪੀ ਨਾਲ ਮਿਲ ਕੇ ਸਰਕਾਰ ਬਣਾਈ ਸੀ। ਉਸ ਚੋਣ ਵਿਚ ਭਾਜਪਾ ਨੂੰ 41 ਸੀਟਾਂ ਮਿਲੀਆਂ ਸਨ ਜਦਕਿ ਜੇਜੇਪੀ ਨੂੰ 10 ਸੀਟਾਂ ਮਿਲੀਆਂ ਸਨ।