‘ਰੇਲ ਰੋਕੋ ਅੰਦੋਲਨ’ ਕਾਰਨ ਬੰਦ ਹੋ ਸਕਦੀਆਂ ਨੇ ਲੁਧਿਆਣਾ ਦੀਆਂ ਕਈ ਫੈਕਟਰੀਆਂ

by vikramsehajpal

ਵੈੱਬ ਡੈਸਕ (NRI MEDIA) : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾ ਦੇ ਵਿਰੁੱਧ ਪੰਜਾਬ ਦੇ ਕਿਸਾਨ ਰੇਲ ਰੋਕੋ ਅੰਦੋਲਨ ਕਰ ਰਹੇ ਹਨ। ਜਿਸ ਕਰਕੇ ਹੁਣ ਪੰਜਾਬ ਸਣੇ ਲੁਧਿਆਣਾ ਦੀ ਸਨਅਤ 'ਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗ ਗਏ ਹਨ, ਕਿਉਂਕਿ ਲੁਧਿਆਣਾ ਤੋਂ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਜਾਣ ਲਈ 4500 ਤੋਂ ਵੱਧ ਕੰਟੇਨਰ ਖੜ੍ਹੇ ਹਨ। ਜਦੋਂ ਕਿ ਪੰਜਾਬ ਵਿੱਚ ਹੋਰਨਾਂ ਸੂਬਿਆਂ ਤੋਂ 7000 ਤੋਂ ਵੱਧ ਕੰਟੇਨਰ ਆਉਣੇ ਹਨ। ਇਹ ਕੰਟੇਨਰ ਪਾਣੀਪਤ ਅਤੇ ਹੋਰਨਾਂ ਥਾਂਵਾਂ 'ਤੇ ਖੜ੍ਹੇ ਹਨ।

ਓਥੇ ਹੀ ਕਾਰੋਬਾਰੀਆਂ ਅਤੇ ਲੁਧਿਆਣਾ ਕਸਟਮ ਹਾਊਸ ਏਜੰਟ ਐਸੋਸੀਏਸ਼ਨ ਮੁਤਾਬਕ ਜੇਕਰ ਇਹੀ ਹਾਲਾਤ ਰਹੀ ਤਾਂ ਲੁਧਿਆਣਾ ਦਾ ਵਪਾਰੀ ਖ਼ਤਮ ਹੋ ਜਾਵੇਗਾ ਤੇ ਵਪਾਰੀਆਂ ਕੋਲ ਕਾਰੀਗਰਾਂ ਤੇ ਮਜ਼ਦੂਰਾਂ ਨੂੰ ਤਨਖ਼ਾਹ ਦੇਣ ਯੋਗ ਪੈਸੇ ਨਹੀਂ ਹੋਣਗੇ। ਦੱਸ ਦਈਏ ਕਿ ਲੁਧਿਆਣਾ ਕਸਟਮ ਹਾਊਸ ਏਜੰਟ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਵਰਮਾ ਨੇ ਦੱਸਿਆ ਕਿ ਲੁਧਿਆਣਾ ਦੇ ਵਪਾਰੀ ਮੰਦੀ ਦੀ ਮਾਰ ਹੇਠ ਹਨ। ਉਨ੍ਹਾਂ ਕਿਹਾ ਕਿ ਹਾਲਤ ਲਗਾਤਾਰ ਖ਼ਰਾਬ ਹੁੰਦੀ ਜਾ ਰਹੀ ਹੈ।

11000 ਤੋਂ ਵੱਧ ਕੰਟੇਨਰ ਫਸੇ ਹੋਏ ਹਨ ਜੋ ਲੁਧਿਆਣਾ ਤੋਂ ਬਾਹਰ ਅਤੇ ਬਾਹਰ ਤੋਂ ਲੁਧਿਆਣਾ ਆਉਣੇ ਹਨ।ਉਨ੍ਹਾਂ ਦੱਸਿਆ ਕਿ ਲੁਧਿਆਣਾ ਦੀਆਂ ਕੁਝ ਫੈਕਟਰੀਆਂ ਤਾਂ ਬੰਦ ਹੋਣ ਕੰਢੇ ਹਨ। ਗਰਮ ਕੱਪੜੇ ਦਾ ਸੀਜ਼ਨ ਚੱਲ ਰਿਹਾ ਹੈ, ਜਿਸ ਦਾ ਵਪਾਰੀਆਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਲੁਧਿਆਣਾ ਵਿੱਚ ਸਕ੍ਰੈਪ ਦਾ ਮਾਲ ਕੱਚਾ ਮਾਲ ਵੱਡੀ ਤਦਾਦ ਵਿੱਚ ਆਉਂਦਾ ਹੈ ਪਰ ਟ੍ਰੇਨਾਂ ਬੰਦ ਹੋਣ ਕਰਕੇ ਵਪਾਰ ਖ਼ਤਮ ਹੋ ਗਿਆ ਹੈ। ਵਪਾਰੀਆਂ ਨੇ ਜੋ ਮਾਲ ਬਾਹਰਲੇ ਸੂਬਿਆਂ ਵਿੱਚ ਭੇਜਣਾ ਹੈ ਉਹ ਫੈਕਟਰੀਆਂ 'ਚ ਬੰਦ ਕਰ ਕੇ ਰੱਖਣਾ ਪੈ ਰਿਹਾ ਹੈ।