ਫ਼ਤਹਿਗੜ੍ਹ ਸਾਹਿਬ (ਨੇਹਾ): ਇੱਥੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਭਾ ਭਲਕੇ 25 ਦਸੰਬਰ ਨੂੰ ਸ਼ੁਰੂ ਹੋ ਰਹੀ ਹੈ। ਸ਼ਰਧਾਲੂਆਂ ਦੀ ਭਾਰੀ ਆਮਦ ਨੂੰ ਮੁੱਖ ਰੱਖਦਿਆਂ ਪੁਲੀਸ ਅਤੇ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਫ਼ਤਹਿਗੜ੍ਹ ਸਾਹਿਬ ਨੂੰ ਆਉਂਦੀ ਹਰ ਸੜਕ ’ਤੇ ਸੈਂਕੜੇ ਲੰਗਰ ਚੱਲ ਰਹੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਅਵਤਾਰ ਸਿੰਘ ਰਿਆ ਅਤੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ 25 ਨੂੰ ਸ਼ਹੀਦੀ ਸਭਾ ਦੇ ਪਹਿਲੇ ਦਿਨ ਅਖੰਡ ਪਾਠ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 27 ਦਸੰਬਰ ਨੂੰ ਪੈਣਗੇ। 26 ਦਸੰਬਰ ਦੀ ਰਾਤ ਨੂੰ 9 ਵਜੇ ਕਵੀ ਸਮਾਗਮ ਹੋਵੇਗਾ। 27 ਦਸੰਬਰ ਨੂੰ ਸਵੇਰੇ 9 ਵਜੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ, ਜੋ ਦੁਪਹਿਰ 12 ਵਜੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਪੁੱਜੇਗਾ, ਜਿੱਥੇ ਸੋਹਿਲਾ ਸਾਹਿਬ ਦੇ ਪਾਠ ਉਪਰੰਤ ਸਮਾਪਤੀ ਹੋਵੇਗੀ। ਟੋਡਰ ਮੱਲ ਦੀਵਾਨ ਹਾਲ ਵਿੱਚ 28 ਦਸੰਬਰ ਤੱਕ ਦਿਨ-ਰਾਤ ਧਾਰਮਿਕ ਦੀਵਾਨ ਸਜਣਗੇ। ਇਸ ਵਾਰ ਲੰਗਰਾਂ ਨੂੰ ਬਿਲਕੁਲ ਸਾਦਾ ਰੱਖਿਆ ਗਿਆ ਹੈ। ਲੰਗਰਾਂ ਵਿੱਚ ਪ੍ਰਸ਼ਾਦੇ ਨਾਲ ਦਾਲ ਅਤੇ ਸਬਜ਼ੀ ਹੀ ਵਰਤਾਈ ਜਾ ਰਹੀ ਹੈ; ਮਿੱਠੇ ਪਕਵਾਨ ਅਤੇ ਜਲੇਬੀਆਂ ਇਸ ਵਿੱਚ ਸ਼ਾਮਲ ਨਹੀਂ ਕੀਤੇ ਗਏ।
ਸ਼੍ਰੋਮਣੀ ਕਮੇਟੀ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਡੀ ਜੀ ਪੀ (ਕਾਨੂੰਨ ਤੇ ਵਿਵਸਥਾ) ਅਰਪਿਤ ਸ਼ੁਕਲਾ, ਡੀ ਆਈ ਜੀ ਨਾਨਕ ਸਿੰਘ ਅਤੇ ਐੱਸ ਐੱਸ ਪੀ ਸ਼ੁਭਮ ਅਗਰਵਾਲ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਦੱਸਿਆ ਕਿ ਸੰਗਤ ਲਈ 7 ਡਿਸਪੈਂਸਰੀਆਂ, 20 ਆਮ ਆਦਮੀ ਕਲੀਨਿਕ ਅਤੇ 60 ਐਂਬੂਲੈਂਸਾਂ ਹਰ ਵੇਲੇ ਕਾਰਜਸ਼ੀਲ ਰਹਿਣਗੀਆਂ। ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਟਿੱਲੇ ’ਤੇ ਇੰਟੇਗਰੇਟਿਡ ਕੰਟਰੋਲ ਰੂਮ ਬਣਾਇਆ ਗਿਆ ਹੈ, ਜਿੱਥੇ ਪੁਲੀਸ, ਪੀ ਐੱਸ ਪੀ ਸੀ ਐੱਲ, ਸਿਹਤ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ 27 ਦਸੰਬਰ ਤੱਕ 24 ਘੰਟੇ ਸੇਵਾਵਾਂ ਦੇਣਗੇ। ਸ਼ਰਧਾਲੂ ਕਿਸੇ ਵੀ ਮੁਸ਼ਕਲ ਲਈ 01763-232838 ’ਤੇ ਸੰਪਰਕ ਕਰ ਸਕਦੇ ਹਨ।



