ਲੁਧਿਆਣਾ ਕੋਰਟ ਬੰਬ ਧਮਾਕੇ ਦਾ ਮਾਸਟਰਮਾਈਂਡ ਜਰਮਨੀ ‘ਚ ਗ੍ਰਿਫ਼ਤਾਰ

by jaskamal

ਨਿਊਜ਼ ਡੈਸਕ (ਜਸਕਮਲ) : ਬੀਤੇ ਦਿਨੀਂ ਲੁਧਿਆਣਾ ਦੀ ਅਦਾਲਤ 'ਚ ਹੋਏ ਬੰਬ ਧਮਾਕੇ ਦੇ ਮਾਮਲੇ 'ਚ ਜਰਮਨੀ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਬੰਬ ਧਮਾਕੇ ਦੇ ਮਾਸਟਰਮਾਈਂਡ ਜਸਵਿੰਦਰ ਸਿੰਘ ਮੁਲਤਾਨੀ ਨੂੰ ਜਰਮਨੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਭਾਰਤ ਸਰਕਾਰ ਨੇ ਜਰਮਨੀ ਸਰਕਾਰ ਨੂੰ ਉਕਤ ਮੁਲਜ਼ਮ ਦੀ ਭਾਲ ਸਬੰਧੀ ਅਪੀਲ ਕੀਤੀ ਸੀ।

ਸੂਤਰਾਂ ਮੁਤਾਬਕ ਮੁਲਤਾਨੀ ISI ਦੇ ਨਿਰਦੇਸ਼ਾਂ 'ਤੇ ਕੰਮ ਕਰਦਾ ਸੀ। ਵੀਰਵਾਰ ਨੂੰ ਅਦਾਲਤ ਦੇ ਕੰਪਲੈਕਸ 'ਚ ਧਮਾਕਾ ਹੋਣ ਦੀ ਘਟਨਾ ਵਾਪਰੀ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 6 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਕਿਹਾ ਸੀ ਕਿ ਇਹ ਧਮਾਕਾ ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ 'ਤੇ ਬਣੇ ਟਾਇਲਟ 'ਚ ਹੋਇਆ। ਉਸ ਸਮੇਂ ਜ਼ਿਲ੍ਹਾ ਅਦਾਲਤ ਦੀ ਕਾਰਵਾਈ ਚੱਲ ਰਹੀ ਸੀ। ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ 'ਤੇ ਹੋਏ ਧਮਾਕੇ 'ਚ ਅਹਾਤੇ ਦੀ ਇਕ ਕੰਧ ਨੂੰ ਨੁਕਸਾਨ ਪਹੁੰਚਿਆ ਤੇ ਉਥੇ ਪਾਰਕਿੰਗ 'ਚ ਖੜ੍ਹੇ ਕੁਝ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ।

ਸੂਤਰਾਂ ਨੇ ਦੱਸਿਆ ਕਿ ਸਿਖਸ ਫਾਰ ਜਸਟਿਸ ਦੇ ਚੋਟੀ ਦੇ ਸੰਚਾਲਕ ਜਸਵਿੰਦਰ ਸਿੰਘ ਮੁਲਤਾਨੀ, ਜੋ ਕਥਿਤ ਤੌਰ 'ਤੇ ਲੁਧਿਆਣਾ ਅਦਾਲਤ ਬਲਾਸਟ ਕੇਸ ਨਾਲ ਜੁੜਿਆ ਹੋਇਆ ਹੈ। ਉਸ ਨੂੰ ਜਰਮਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਹ ਕਥਿਤ ਤੌਰ 'ਤੇ ਚੋਣਾਂ ਦੇ ਨਜ਼ਦੀਕ ਪੰਜਾਬ ਵਿਚ ਇਕ ਹੋਰ ਧਮਾਕੇ ਤੇ ਹੋਰ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ। ਮੁਲਤਾਨੀ ਨੂੰ ਖਾਲਿਸਤਾਨ ਪੱਖੀ ਅੱਤਵਾਦੀ ਦੱਸਿਆ ਜਾ ਰਿਹਾ ਹੈ ਹੈ ਤੇ ਜਰਮਨੀ ਦੇ ਏਰਫਰਟ 'ਚ ਰਹਿ ਰਿਹਾ ਸੀ। ਉਹ ਵੱਖਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਾਲੀ SFJ ਨਾਲ ਨੇੜਿਓਂ ਜੁੜਿਆ ਹੋਇਆ ਹੈ।